ਚੰਡੀਗੜ੍ਹ : ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਤੀਜੇ ਬਜਟ ਅਤੇ ਉਹ ਵੀ ਲੋਕ ਸਭਾ ਚੋਣਾਂ ਤੋਂ ਕੁਝ ਹਫਤੇ ਪਹਿਲਾਂ ਨੂੰ ਲੋਕਾਂ ਦੀਆਂ ਆਸਾਂ ਅਤੇ ਪੰਜਾਬ ਦੀ ਆਰਥਿਕਤਾ ਦੀਆਂ ਲੋੜਾਂ ਤੋਂ ਕੋਹਾਂ ਦੂਰ ਆਖ ਕੇ ਕਿਹਾ ਕਿ ਮੁੱਖ ਮੰਤਰੀ ਜਾਂ ਵਿੱਤ ਮੰਤਰੀ ਦੀ ਲਿਫਾਫੇਬਾਜ਼ੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੀ। ਸਾਥੀ ਬਰਾੜ ਨੇ ਕਿਹਾ ਕਿ ਭਾਵੇਂ ਬਜਟ ਨੇ ਕੋਈ ਨਵੇਂ ਟੈਕਸ ਨਹੀਂ ਲਾਏ, ਪਰ ਉਸ ਨੇ ਲੋਕਾਂ ਨੂੰ ਦਿੱਤਾ ਵੀ ਕੁਝ ਨਹੀਂ, ਸਿਵਾਇ ਕਰਜ਼ ਦਾ ਭਾਰ ਵਧਾਉਣ ਤੋਂ। ਉਨ੍ਹਾ ਕਿਹਾ ਕਿ 2,04,918 ਕਰੋੜ ਦਾ ਬਜਟ ਲੋਕਾਂ ਨੂੰ ਨਾ ਕੋਈ ਰਿਆੲਤ ਦਿੰਦਾ ਹੈ ਅਤੇ ਨਾ ਹੀ ਆਪ ਦੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਨ ਵੱਲ ਚਲਦਾ ਹੈ।
ਉਹਨਾ ਕਿਹਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਕਿ 18 ਸਾਲ ਤੋਂ ਵਡੇਰੀ ਉਮਰ ਦੀਆਂ ਔਰਤਾਂ ਨੂੰ 1000/- ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ, ਜਿਵੇਂ ਆਪ ਦੀ ਦਿੱਲੀ ਸਰਕਾਰ ਨੇ ਕੀਤਾ ਹੈ, ਹੋਰ ਤਾਂ ਹੋਰ ਗੁਆਂਢੀ ਹਿਮਾਚਲ ਨੇ 1500/- ਰੁਪਏ ਦਾ ਬਜਟ ਐਲਾਨਿਆ ਹੈ, ਇਸ ਦੀ ਚਰਚਾ ਸੀ ਕਿ ਪੰਜਾਬ ਦਾ ਬਜਟ ਵੀ ਇਹ ਕਰੇਗਾ, ਪਰ ਇਸ ਦਾ ਜ਼ਿਕਰ ਵੀ ਨਹੀਂ। ਵਾਅਦਾ ਕੀਤਾ ਸੀ ਕਿ ਬੁਢਾਪਾ ਪੈਨਸ਼ਨ ਵਿਚ ਵਾਧਾ ਕਰਨ ਦਾ, ਪਰ ਉਹ ਵੀ ਪੂਰਾ ਨਹੀਂ ਕੀਤਾ। ਕਿਸਾਨ ਹਰਿਆਣੇ ਦੀ ਸਰਹੱਦ ਉਤੇ ਦਿੱਲੀ ਵੱਲ ਜਾਣ ਲਈ ਕਈ ਹਫਤਿਆਂ ਤੋਂ ਬੈਠੇ ਹਨ, ਪਰ ਐੱਮ ਐੱਸ ਪੀ ਦਾ ਪੰਜਾਬ ਦੇ ਬਜਟ ਵਿਚ ਵੀ ਜ਼ਿਕਰ ਨਹੀਂ।
ਸਭ ਤੋਂ ਖਤਰਨਾਕ ਤੇ ਨਿਖੇਧੀਯੋਗ ਤੱਥ ਇਹ ਹੈ ਕਿ ਪੰਜਾਬ ਸਿਰ ਕਰਜ਼ਾ ਵਧ ਕੇ ਅਗਲੇ ਸਾਲ ਵਿਚ 3.74 ਲੱਖ ਕਰੋੜ ਹੋ ਜਾਵੇਗਾ। ਇਸ ਵਾਰ ਸਰਕਾਰ 38,331.48 ਕਰੋੜ ਦਾ ਕਰਜ਼ ਹੋਰ ਲਵੇਗੀ, ਜਦੋਂ ਕਿ ਅਪਰੈਲ 2022 ਤੋਂ ਜਨਵਰੀ 2024 ਤੱਕ ਉਹ ਪਹਿਲਾਂ ਹੀ 50 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ ਲੈ ਚੁਕੀ ਹੈ। ਬਜਟ ਨੇ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਧਾਉਣ ਵੱਲ ਧਿਆਨ ਨਹੀਂ ਦਿੱਤਾ।
ਲੜ ਰਹੇ ਵੱਖ-ਵੱਖ ਵਰਗਾਂ ਦੀਆਂ ਮੰਗਾਂ ਨੂੰ ਅਣਦੇਖਿਆ ਵੀ ਕੀਤਾ ਹੈ। ਉਹਨਾ ਕਿਹਾ ਕਿ ਅਫਸੋਸਨਾਕ ਹੈ ਕਿ ਮੁੱਖ ਮੰਤਰੀ ਵਿਧਾਨ ਸਭਾ ਵਿਚ ਇਸ ਤਰ੍ਹਾਂ ਤਾਅਨੇਬਾਜ਼ੀ ਕਰਦਾ ਹੈ ਕਿ ਉਸ ਨੂੰ ਸ਼ੋਭਾ ਨਹੀਂ ਦਿੰਦਾ। ਨਗਰ ਨਿਗਮ ਦੇ ਦਰਵਾਜ਼ੇ ਨੂੰ ਲੁਧਿਆਣਾ ਵਿਖੇ ਰੋਸ ਪ੍ਰਗਟ ਕਰਨ ਵਜੋਂ ਤਾਲਾ ਲਾਉਣ ਵਾਲੇ ਮੈਂਬਰ ਪਾਰਲੀਮੈਂਟ ਵਿਰੁੱਧ ਕੇਸ ਦਰਜ ਕਰਦਾ ਹੈ, ਪਰ ਆਪ ਆਪੋਜ਼ੀਜ਼ਨ ਦੇ ਪੈਰਾਂ ਨੂੰ ਬੇੜੀਆਂ ਪਾਉਣ ਲਈ ਵਿਧਾਨ ਸਭਾ ਦੇ ਅੰਦਰ ਤਾਲਾ ਲਾਉਣ ਲਈ ਸਪੀਕਰ ਨੂੰ ਤੋਹਫਾ ਦਿੰਦਾ ਹੈ।
ਇਸ ਤੋਂ ਕਿਤੇ ਨਿਖੇਧੀਯੋਗ ਹੈ ਕਿ ਦਲਿਤ ਭਾਈਚਾਰੇ ਪ੍ਰਤੀ ਵਾਅਦਾ ਚੇਤੇ ਕਰਾਉਣ ਵਾਲੇ ਵਿਧਾਇਕ ਨੂੰ ਜੁੱਤੀ ਸੁੰਘਾਉਣ ਵਰਗੀ ਸ਼ਰਮਨਾਕ ਟਿੱਪਣੀ ਕਰਦਾ ਹੈ। ਕਮਿਊਨਿਸਟ ਆਗੂ ਨੇ ਵਿਧਾਨ ਸਭਾਵਾਂ ਅਤੇ ਪਾਰਲੀਮੈਂਟ ਵਿਚ ਪਾਈ ਇਸ ਰਵਾਇਤ ਉਤੇ ਦੁੱਖ ਪ੍ਰਗਟ ਕੀਤਾ ਕਿ ਅਜਲਾਸ ਸ਼ੁੱਕਰਵਾਰ ਸ਼ੁਰੂ ਕੀਤਾ ਜਾਂਦਾ ਹੈ ਤੇ ਨਾਲ ਹੀ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਲੋਕ ਨੁਮਾਇੰਦਿਆਂ ਨੂੰ ਮੁਫਤ ਦੇ ਭੱਤਿਆਂ ਲਈ ਰੱਖ ਦਿੱਤੇ ਜਾਂਦੇ ਹਨ। ਸਾਥੀ ਬਰਾੜ ਨੇ ਜ਼ੋਰ ਦਿੱਤਾ ਕਿ ਅਜਲਾਸ ਸੋਮਵਾਰ ਸ਼ੁਰੂ ਕੀਤਾ ਜਾਇਆ ਕਰੇ ਅਤੇ ਹੁਣ ਤੱਕ ਜਿਨ੍ਹਾਂ ਸ਼ਨੀ-ਐਤਵਾਰ ਦੇ ਭੱਤੇ ਲੋਕਾਂ ਦੇ ਖਜ਼ਾਨੇ ਵਿਚੋਂ ਐਵੇਂ ਹੀ ਲਏ ਹਨ, ਉਹ ਵਾਪਸ ਕੀਤੇ ਜਾਣ।