ਜੌਨਪੁਰ : ਸਾਬਕਾ ਸਾਂਸਦ ਧਨੰਜੈ ਸਿੰਘ ਨੂੰ ਅਗਵਾ ਅਤੇ ਰੰਗਦਾਰੀ ਦੇ ਮਾਮਲੇ ’ਚ ਜੌਨਪੁਰ ਦੀ ਅਦਾਲਤ ਨੇ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਦੋ ਲੱਖ ਦਾ ਜੁਰਮਾਨਾ ਵੀ ਲਾਇਆ। ਧਨੰਜੈ ’ਤੇ ਨਮਾਮਿ ਗੰਗੇ ਪ੍ਰੋਜੈਕਟ ਦੇ ਮੈਨੇਜਰ ਨੂੰ ਅਗਵਾ ਕਰਕੇ ਧਮਕੀ ਦੇਣ ਅਤੇ ਰੰਗਦਾਰੀ ਮੰਗਣ ਦਾ ਦੋਸ਼ ਸਾਬਿਤ ਹੋਇਆ ਹੈ। ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਵਿਸ਼ੇਸ਼ ਜੱਜ ਐੱਮ ਪੀ ਐੱਮ ਐੱਲ ਏ ਕੋਰਟ ਸ਼ਰਦ ਤਿ੍ਰਪਾਠੀ ਨੇ ਮਾਮਲੇ ’ਤੇ ਸੁਣਵਾਈ ਕਰਦੇ ਹੋਏ ਧਨੰਜੈ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ। ਧਨੰਜੈ ਦੇ ਨਾਲ ਹੀ ਉਸ ਦੇ ਸਾਥੀ ਨੂੰ ਵੀ ਸੱਤ ਸਾਲ ਦੀ ਸਜ਼ਾ ਅਤੇ ਦੋ ਲੱਖ ਦਾ ਜੁਰਮਨਾ ਲਾਇਆ ਗਿਆ ਹੈ। ਸਜ਼ਾ ਸੁਣਾਉਣ ਤੋਂ ਬਾਅਦ ਧਨੰਜੈ ਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ ਗਿਆ। ਹਿਸਟਰੀਸ਼ੀਟਰ ਰਹੇ ਧਨੰਜੈ ’ਤੇ ਪਹਿਲਾਂ ਵੀ ਕਈ ਅਪਰਾਧਿਕ ਕੇਸ ਚੱਲ ਰਹੇ ਹਨ, ਪਰ ਸਜ਼ਾ ਪਹਿਲੀ ਵਾਰ ਕਿਸੇ ਮਾਮਲੇ ’ਚ ਸੁਣਾਈ ਗਈ ਹੈ। ਉਹ ਕਈ ਵਾਰ ਵਿਧਾਇਕ ਅਤੇ 2004 ’ਚ ਬਸਪਾ ਦੀ ਟਿਕਟ ’ਤੇ ਐੱਮ ਪੀ ਚੁਣਿਆ ਗਿਆ ਸੀ।
ਬੈਂਗਲੁਰੂ ਧਮਾਕਿਆਂ ਦੇ ਦੋਸ਼ੀ ’ਤੇ 10 ਲੱਖ ਦਾ ਇਨਾਮ
ਬੈਂਗਲੁਰੂ : ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ’ਚ ਆਈ ਈ ਡੀ ਬੰਬ ਰੱਖਣ ਵਾਲੇ ਵਿਅਕਤੀ ’ਤੇ ਐੱਨ ਆਈ ਏ ਨੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਐੱਨ ਆਈ ਏ ਨੇ ਦੋਸ਼ੀ ਦਾ ਇੱਕ ਸਕੈੱਚ ਤਿਆਰ ਕੀਤਾ ਹੈ ਅਤੇ ਉਸ ਦੇ ਨਾਂਅ ਦੇ ਪੋਸਟਰ ਜਾਰੀ ਕੀਤੇ ਹਨ। ਵਨਟਿਡ ਪੋਸਟ ਦੇ ਨਾਲ ਐੱਨ ਆਈ ਏ ਨੇ ਕਿਹਾ ਕਿ ਇਸ ਦੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੂਚਨਾ ਦੇਣ ਵਾਲੇ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ।




