ਨਿਊਯਾਰਕ : 11 ਮਾਰਚ ਨੂੰ 93ਵਾਂ ਜਨਮ ਦਿਨ ਮਨਾਉਣ ਜਾ ਰਹੇ ਮੀਡੀਆ ਮੁਗਲ ਰੂਪਰਟ ਮਰਡੋਕ ਨੇ ਸੇਵਾਮੁਕਤ ਅਣੂ ਜੀਵ ਵਿਗਿਆਨੀ 62 ਸਾਲਾ ਐਲੇਨਾ ਜ਼ੁਕੋਵਾ ਨਾਲ ਮੰਗਣੀ ਕਰ ਲਈ ਹੈ | ਦੋਵੇਂ 1 ਜੂਨ ਨੂੰ ਕੈਲੀਫੋਰਨੀਆ ‘ਚ ਵਿਆਹ ਕਰਨਗੇ | ਇਹ ਮਰਡੋਕ ਦਾ ਪੰਜਵਾਂ ਵਿਆਹ ਹੋਵੇਗਾ | ਜ਼ੁਕੋਵਾ ਰੂਸ ਦੀ ਹੈ ਤੇ ਸੋਵੀਅਤ ਯੂਨੀਅਨ ਦੇ ਟੱੁਟਣ ਤੋਂ ਪਹਿਲਾਂ 1991 ਵਿਚ ਅਮਰੀਕਾ ਆਈ ਸੀ | ਉਹ ਵੀ ਦੋ ਵਿਆਹ ਕਰਵਾ ਚੁੱਕੀ ਹੈ | ਇਨ੍ਹਾਂ ਵਿੱਚੋਂ ਇਕ ਤੇਲ ਦਾ ਕਾਰੋਬਾਰ ਕਰਨ ਵਾਲੇ ਅਰਬਾਂਪਤੀ ਰੂਸੀ ਅਲੈਗਜ਼ੈਂਡਰ ਜ਼ੁਕੋਵ ਨਾਲ ਹੋਇਆ ਸੀ | ਉਹ ਮਰਡੋਕ ਨੂੰ ਉਸ ਦੀ ਤੀਜੀ ਪਤਨੀ ਵੇਂਡੀ ਡੇਂਗ ਵੱਲੋਂ ਦਿੱਤੀ ਦਾਅਵਤ ਦੌਰਾਨ ਮਿਲੀ ਸੀ | ਵੇਂਡੀ ਤੇ ਮਰਡੋਕ ਦਾ ਵਿਆਹ 14 ਸਾਲ ਚੱਲਿਆ ਸੀ ਤੇ 2013 ਵਿਚ ਤਲਾਕ ਹੋ ਗਿਆ ਸੀ | ਮਰਡੋਕ ਨੇ ਚੌਥੀ ਪਤਨੀ ਸੁਪਰ ਮਾਡਲ ਜੈਰੀ ਹਾਲ ਨੂੰ 2022 ਵਿਚ ਤਲਾਕ ਦਿੱਤਾ ਸੀ |
ਮਰਡੋਕ ਨੇ ਫੌਕਸ ਐਂਡ ਨਿਊਜ਼ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਕੁਝ ਮਹੀਨੇ ਬਾਅਦ ਹੀ ਨਵੇਂ ਵਿਆਹ ਦਾ ਐਲਾਨ ਕੀਤਾ ਹੈ | ਮਰਡੋਕ ਦੀਆਂ ਸਾਬਕਾ ਪਤਨੀਆਂ ‘ਚ ਆਸਟਰੇਲੀਆਈ ਫਲਾਈਟ ਅਟੈਂਡੈਂਟ ਪੈਟਰੀਸ਼ੀਆ ਬੁਕਰ, ਸਕਾਟਿਸ਼ ਮੂਲ ਦੀ ਪੱਤਰਕਾਰ ਅੰਨਾ ਮਾਨ ਸ਼ਾਮਲ ਸਨ |





