ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀ ਪੁਜ਼ੀਸ਼ਨ ਖਰਾਬ ਕਰਨ ਵਾਲਾ ਬਿਆਨ ਦੇ ਕੇ ਕਿਹਾ ਕਿ ਉਹ ਮਹਿਬੂਬਾ ਮੁਫਤੀ ਦੀ ਪੀ ਡੀ ਪੀ ਲਈ ਲੋਕ ਸਭਾ ਦੀ ਕੋਈ ਸੀਟ ਨਹੀਂ ਛੱਡਣਗੇ | ਉਨ੍ਹਾ ਇੱਥੋਂ ਤੱਕ ਕਿਹਾ ਕਿ ਜੇ ਪਤਾ ਹੁੰਦਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਤੀਜੇ ਨੰਬਰ ‘ਤੇ ਰਹਿਣ ਵਾਲੀ ਪੀ ਡੀ ਪੀ ਲਈ ਸੀਟ ਛੱਡ ਕੇ ਆਪਣੀ ਪਾਰਟੀ ਕਮਜ਼ੋਰ ਕਰਵਾਉਣੀ ਹੈ ਤਾਂ ਉਹ ਇੰਡੀਆ ਵਿਚ ਸ਼ਾਮਲ ਹੀ ਨਾ ਹੁੰਦੇ | ਉਮਰ ਦੇ ਪਿਤਾ ਫਾਰੂਕ ਅਬਦੁੱਲਾ ਨੇ ਵੀ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਇਕੱਲੇ ਹੀ ਲੜਨਗੇ | ਇਸ ਤੋਂ ਬਾਅਦ ਉਮਰ ਨੇ ਸਪੱਸ਼ਟੀਕਰਨ ਦਿੱਤਾ ਸੀ ਕਿ ਉਹ ਇੰਡੀਆ ਦਾ ਹਿੱਸਾ ਹਨ ਤੇ ਇੰਡੀਆ ਵਿਚ ਦਰਾੜ ਵਾਲੀ ਕੋਈ ਗੱਲ ਨਹੀਂ |
2019 ਦੀਆਂ ਚੋਣਾਂ ਵਿਚ ਭਾਜਪਾ ਨੇ ਲੱਦਾਖ, ਊਧਮਪੁਰ ਤੇ ਜੰਮੂ ਸੀਟ ਜਿੱਤੀ ਸੀ | ਨੈਸ਼ਨਲ ਕਾਨਫਰੰਸ ਨੇ ਬਾਰਾਮੂਲਾ, ਸ੍ਰੀਨਗਰ ਤੇ ਅਨੰਤਨਾਗ ਦੀਆਂ ਸੀਟਾਂ ਜਿੱਤੀਆਂ ਸਨ | ਵੋਟ ਪ੍ਰਤੀਸ਼ਤ ਵਿਚ ਭਾਜਪਾ ਪਹਿਲੇ, ਕਾਂਗਰਸ ਦੂਜੇ, ਨੈਸ਼ਨਲ ਕਾਨਫਰੰਸ ਤੀਜੇ ਤੇ ਪੀ ਡੀ ਪੀ ਚੌਥੇ ਨੰਬਰ ‘ਤੇ ਰਹੀਆਂ ਸਨ | ਪੀ ਡੀ ਪੀ ਨੇ ਸਾਰੀਆਂ ਸੀਟਾਂ ਲੜੀਆਂ ਸਨ ਤੇ ਉਸ ਨੂੰ ਚਾਰ ਫੀਸਦੀ ਤੋਂ ਘੱਟ ਵੋਟਾਂ ਮਿਲੀਆਂ ਸਨ | ਕਾਂਗਰਸ ਨੂੰ ਵੀ ਕੋਈ ਸੀਟ ਨਹੀਂ ਮਿਲੀ ਸੀ |
ਉਮਰ ਅਬਦੁੱਲਾ ਪੀ ਡੀ ਪੀ ਲਈ ਅਨੰਤਨਾਗ ਦੀ ਸੀਟ ਛੱਡਣ ਲਈ ਤਿਆਰ ਨਹੀਂ | ਉਨ੍ਹਾ ਕਿਹਾ ਕਿ ਜੇ ਸੋਨੀਆ ਗਾਂਧੀ, ਰਾਹੁਲ ਜਾਂ ਪਿ੍ਅੰਕਾ ਉੱਥੋਂ ਲੜਦੇ ਹਨ ਤਾਂ ਸੀਟ ਛੱਡ ਸਕਦੇ ਹਨ, ਪਰ ਮਹਿਬੂਬਾ ਦੀ ਪਾਰਟੀ ਲਈ ਨਹੀਂ |





