ਗੁਹਾਟੀ : ਅਰੁਣਾਚਲ ਪ੍ਰਦੇਸ਼ ’ਚ ਦੁਨੀਆ ਦੀ ਸਭ ਤੋਂ ਲੰਮੀ ਸੁਰੰਗ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸਮਰਪਤ ਕਰ ਦਿੱਤੀ। ਸੁਰੰਗ ਦੀ ਨੀਂਹ 2019 ’ਚ ਰੱਖੀ ਸੀ। ਲੱਗਭੱਗ 825 ਕਰੋੜ ਦੀ ਲਾਗਤ ਨਾਲ ਇਸ ਸੁਰੰਗ ਨੂੰ ਬਣਾਉਣ ’ਚ ਚਾਰ ਸਾਲ ਦਾ ਸਮਾਂ ਲੱਗਾ। ਇਸ ਸੁਰੰਗ ਨਾਲ ਤੇਜਪੁਰ ਤੋਂ ਤਵਾਂਗ ਦੀ ਯਾਤਰਾ ਦਾ ਸਮਾਂ ਘੱਟੋ-ਘੱਟ ਇੱਕ ਘੰਟਾ ਘਟ ਜਾਵੇਗਾ। ਖਾਸ ਗੱਲ ਇਹ ਹੈ ਕਿ ਸੁਰੰਗ ਦੀ ਮਦਦ ਨਾਲ ਹਰ ਮੌਸਮ ’ਚ ਰਾਬਤਾ ਬਣਿਆ ਰਹੇਗਾ। ਆਮ ਤੌਰ ’ਤੇ ਸਰਦੀਆਂ ’ਚ ਭਾਰੀ ਬਰਫ਼ਬਾਰੀ ਸਮੇਂ ਸੇਲਾ ਪਾਸ ਕਈ ਮਹੀਨੇ ਤੱਕ ਬੰਦ ਰਹਿੰਦਾ ਸੀ। ਸੁਰੰਗ 12.4 ਕਿਲੋਮੀਟਰ ਲੰਮੀ ਹੈ ਤੇ 13000 ਫੁੱਟ ਦੀ ਉਚਾਈ ’ਤੇ ਹੈ। ਸੇਲਾ ਸੁਰੰਗ ਚੀਨ ਸਰਹੱਦ ਦੇ ਬੇਹੱਦ ਨੇੜੇ ਹੈ। ਹੁਣ ਹਰ ਮੌਸਮ ’ਚ ਫੌਜ ਦੀ ਆਵਾਜਾਈ ਵੀ ਬਣੀ ਰਹੇਗੀ। ਪਹਿਲੀ ਸੁਰੰਗ 980 ਮੀਟਰ ਹੀ ਹੈ। ਉਥੇ ਹੀ ਦੂਜੀ ਸੁਰੰਗ 1555 ਮੀਟਰ ਲੰਮੀ ਹੈ। ਸੁਰੰਗ ਰਾਹੀਂ ਤਵਾਂਗ ਤੋਂ ਚੀਨ ਸਰਹੱਦ ਤੱਕ ਪਹੁੰਚਣ ਦਾ ਰਸਤਾ 10 ਕਿਲੋਮੀਟਰ ਘੱਟ ਹੋ ਜਾਵੇਗਾ। ਇਸ ਤੋਂ ਇਲਾਵਾ ਅਸਾਮ ਦੇ ਤੇਜਪੁਰ ਅਤੇ ਅਰੁਣਾਚਲ ਦੇ ਤਵਾਂਗ ’ਚ ਫੌਜ ਦੇ ਚਾਰ ਕੋਰ ਮੁੱਖ ਦਫ਼ਤਰਾਂ ਵਿਚਾਲੇ ਦੂਰੀ ਵੀ ਘੱਟ ਹੋ ਜਾਵੇਗੀ।