ਜਲੰਧਰ (ਕੇਸਰ)-ਕੌਮਾਂਤਰੀ ਔਰਤ ਦਿਹਾੜੇ ਨੂੰ ਸਮਰਪਤ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹੋਏ ਸਮਾਗਮ ’ਚ ਵੈਨਕੂਵਰ (ਕੈਨੇਡਾ) ਦੇ ਜਾਣੇ-ਪਹਿਚਾਣੇ ਬਰਾਡਕਾਸਟਰ, ਦਾ ਨਵਜੋਤ ਢਿੱਲੋਂ ਪੇਜ ਦੀ ਚਰਚਿਤ ਸ਼ਖਸੀਅਤ, ਰੈੱਡ ਐੱਫ ਐੱਮ ਦੇ ਸਾਬਕਾ ਨੈਸ਼ਨਲ ਨਿਊਜ਼ ਡਾਇਰੈਕਟਰ, ਸਮਾਜਕ ਸਰੋਕਾਰਾਂ ਅਤੇ ਔਰਤ ਹੱਕਾਂ ਦੀ ਬੁਲੰਦ ਆਵਾਜ਼ ਨਵਜੋਤ ਢਿੱਲੋਂ ਨੇ ਆਪਣੇ ਕੁੰਜੀਵਤ ਭਾਸ਼ਣ ’ਚ ਔਰਤ ਵਰਗ ਦੀ ਬਹੁ-ਪੱਖੀ ਆਜ਼ਾਦੀ ਅਤੇ ਖੁੱਲ੍ਹੇ ਅੰਬਰ ਵੱਲ ਪਰਵਾਜ਼ ਦੀ ਮੌਲਿਕ ਆਜ਼ਾਦੀ ਲਈ ਸਾਜ਼ਗਾਰ ਮਾਹੌਲ ਸਿਰਜਣ ਉਪਰ ਜ਼ੋਰ ਦਿੱਤਾ। ਉਹਨਾ ਤੁਲਨਾਤਮਕ ਅਧਿਐਨ ਕਰਦਿਆਂ ਤੱਥਾਂ ਸਹਿਤ ਵਰਨਣ ਕੀਤਾ ਕਿ ਸਾਡੇ ਭਾਰਤੀ ਸਮਾਜ ਦੇ ਪਛੜੇਪਣ ਅੰਦਰ ਜੇ ਔਰਤ ਚੌਤਰਫ਼ੀ ਗ਼ੁਲਾਮੀ ਹੰਢਾ ਰਹੀ ਹੈ ਤਾਂ ਕੈਨੇਡਾ ਵਰਗੇ ਮੁਲਕਾਂ ਅੰਦਰ ਵੀ ਦੂਰੋਂ ਇੱਕ ਭਰਮ ਹੀ ਹੈ, ਓਥੇ ਵੀ ਔਰਤ ਕਦਮ-ਕਦਮ ’ਤੇ ਅਨੇਕਾਂ ਪ੍ਰਕਾਰ ਦੀਆਂ ਬੰਦਿਸ਼ਾਂ ਕਾਰਨ ਖੰਭਾਂ ਦੀ ਪਰਵਾਜ਼ ਕੁਤਰੀ ਹੋਈ ਮਹਿਸੂਸ ਕਰਦੀ ਹੈ। ਉਹਨਾ ਕਿਹਾ ਕਿ ਘਰ ਤੋਂ ਸ਼ੁਰੂ ਕਰਕੇ ਪੂਰੇ ਸਮਾਜਕ ਪ੍ਰੀਵਰਤਨ ਲਈ ਨਿਰੰਤਰ ਜਾਗਰਤੀ ਅਤੇ ਸਮੂਹਿਕ ਉੱਦਮ ਦੀ ਲੋੜ ਹੈ। ਫੇਰ ਹੀ ਔਰਤ ਆਪਣੇ ਸਵੈਮਾਣ ਭਰੇ ਜੀਵਨ ਵਾਲਾ ਵਾਤਾਵਰਣ ਸਿਰਜ ਸਕਦੀ ਹੈ। ਨਵਜੋਤ ਢਿੱਲੋਂ ਦੀ ਕਹਾਣੀ ਅਤੇ ਸਕਰਿਪਟ ਅਤੇ ਨਵਰਾਜ ਰਾਜਾ ਦੀ ਨਿਰਦੇਸ਼ਨਾ ਵਿੱਚ 9 ਮਿੰਟ ਦੀ ਫ਼ਿਲਮ ‘ਵਿਸਲ’ ਦਿਖਾਈ ਗਈ। ਕਰੀਏਟਿਵ ਹਾਈਟਸ ਪ੍ਰੋਡਕਸ਼ਨ ਦੀ ਇਸ ਫ਼ਿਲਮ ਨੇ ਜੋ ਦਰਸ਼ਕਾਂ ਉਪਰ ਜਾਦੂ ਕੀਤਾ, ਉਹ ਮਨ ਦੀ ਡਾਇਰੀ ਉਪਰ ਅਮਿੱਟ ਪ੍ਰਭਾਵ ਛੱਡ ਗਿਆ। ਦਰਸ਼ਕਾਂ ਦੇ ਆਏ ਸੁਆਲਾਂ ਦੇ ਨਵਜੋਤ ਢਿੱਲੋਂ ਨੇ ਬਾਖ਼ੂਬੀ ਜਵਾਬ ਦਿੱਤੇ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਨਾਮਵਰ ਕਹਾਣੀਕਾਰ ਪ੍ਰੋ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਸਾਡੇ ਅੰਦਰਲੀ ਔਰਤ ਦੇ ਹਰ ਪਲ ਰੂਬਰੂ ਹੋਣ ਦੀ ਲੋੜ ਹੈ। ਉਹਨਾ ਜੀਵਨ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕੁਝ ਪਲ ਤੁਹਾਡੀ ਜ਼ਿੰਦਗੀ ਦਾ ਦਰਦਨਾਕ ਪਰਛਾਵਾਂ ਬਣ ਕੇ ਚੱਲਦੇ ਨੇ। ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਮਾਰਚ ਮਹੀਨੇ ਦੇ ਸ਼ਹੀਦਾਂ ਅਤੇ ਇਤਿਹਾਸਕ ਘਟਨਾਵਾਂ ਦੀ ਪ੍ਰਸੰਗਕਤਾ ਉਭਾਰੀ। ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਔਰਤ ਦੀ ਤ੍ਰਾਸਦੀ ਦੇ ਆਰਥਕ, ਰਾਜਨੀਤਕ, ਸਮਾਜਕ ਅਤੇ ਸੱਭਿਆਚਾਰਕ ਕਾਰਨਾਂ ਦੀ ਤਹਿ ਤੱਕ ਜਾਣ ਅਤੇ ਉਹਨਾਂ ਨੂੰ ਬਦਲਣ ਲਈ ਉੱਦਮ ਜੁਟਾਉਣ ਦੀ ਲੋੜ ਹੈ, ਫੇਰ ਹੀ ਔਰਤ ਦੀ ਮੁਕਤੀ ਦੀ ਜ਼ਾਮਨੀ ਬਣਦੀ ਹੈ। ਇਸ ਤੋਂ ਉਰੇ ਦੇ ਓਹੜ-ਪੋਹੜ ਵਿਅਕਤੀਗਤ ਯਤਨ ਹੀ ਹੋ ਸਕਦੇ ਨੇ, ਮੁਕੰਮਲ ਸਮਾਜਕ ਤਬਦੀਲੀ ਲਈ ਲੋਕ ਲਹਿਰਾਂ ਵਿੱਚ ਆਪਣੀ ਸਹਾਈ ਭੂਮਿਕਾ ਅਦਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਕਮੇਟੀ ਮੈਂਬਰ ਪ੍ਰੋ. ਗੋਪਾਲ ਬੁੱਟਰ ਨੇ ਔਰਤ ਦੇ ਪੈਰੀਂ ਪਈਆਂ ਜੰਜ਼ੀਰਾਂ ਤੋੜਨ ਦੀ ਦਿਸ਼ਾ ਵਿੱਚ ਨਵਜੋਤ ਢਿੱਲੋਂ ਦੇ ਨਿਰੰਤਰ ਉੱਦਮ ਦੀ ਦਾਦ ਦਿੱਤੀ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਿਰਫ਼ ਮਰਦਾਵੇਂ ਦਾਬੇ ਤੱਕ ਗੱਲ ਕਰਨਾ ਕਾਫ਼ੀ ਨਹੀਂ, ਸਾਨੂੰ ਔਰਤ ਗ਼ੁਲਾਮੀ ਦੇ ਜਟਿਲ ਵਰਤਾਰੇ ਨੂੰ ਸਮਝ ਕੇ ਇਸ ਨੂੰ ਬਦਲਣ ਲਈ ਨਿਰੰਤਰ ਉੱਦਮ ਦੀ ਲੋੜ ਹੈ। ਇਸ ਮੌਕੇ ਕਮੇਟੀ ਵੱਲੋਂ ਨਵਜੋਤ ਢਿੱਲੋਂ, ਤੇਜੀ ਸ਼ੈਲੀ, ਇੰਗਲੈਂਡ ਤੋਂ ਸ਼ੀਰਾ ਜੌਹਲ, ਭਗਵੰਤ, ਰਤਨ ਪਾਲ ਮਹਿਮੀ, ਮੱਖਣ ਮੰਡੀ (ਅੱਪਰਾ) ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਹਰਵਿੰਦਰ ਭੰਡਾਲ, ਗੁਰਮੀਤ, ਹਰਮੇਸ਼ ਮਾਲੜੀ, ਡਾ. ਸੈਲੇਸ਼, ਪ੍ਰੋ. ਤੇਜਿੰਦਰ ਵਿਰਲੀ ਤੇ ਦੇਵ ਰਾਜ ਨਯੀਅਰ ਵੀ ਮੌਜੂਦ ਸਨ।