ਨਵੀਂ ਦਿੱਲੀ : ਭਾਜਪਾ ਦੇ ਹਿਸਾਰ ਤੋਂ ਲੋਕ ਸਭਾ ਮੈਂਬਰ ਬਿ੍ਰਜੇਂਦਰ ਸਿੰਘ ਐਤਵਾਰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕਰਨ ਤੋਂ ਕੁਝ ਸਮਾਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਪਹੁੰਚ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ।
ਬਿ੍ਰਜੇਂਦਰ ਹਰਿਆਣਾ ਦੇ ਜਾਟ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੇ ਪੁੱਤਰ ਤੇ ਮਹਾਨ ਕਿਸਾਨ ਆਗੂ ਸਰ ਛੋਟੂ ਰਾਮ ਦੇ ਪੜਦੋਹਤੇ ਹਨ।
ਅਕਤੂਬਰ 2023 ਵਿਚ ਬੀਰੇਂਦਰ ਸਿੰਘ ਨੇ ਜੀਂਦ ਦੀ ਰੈਲੀ ਵਿਚ ਚਿਤਾਵਨੀ ਦਿੱਤੀ ਸੀ ਕਿ ਜੇ ਭਾਜਪਾ ਨੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਹਰਿਆਣਾ ਵਿਚ ਗੱਠਜੋੜ ਜਾਰੀ ਰੱਖਿਆ ਤਾਂ ਉਹ ਭਾਜਪਾ ਛੱਡ ਦੇਣਗੇ। ਇਸ ਚਿਤਾਵਨੀ ਤੋਂ ਕਰੀਬ ਪੰਜ ਮਹੀਨੇ ਬਾਅਦ ਉਨ੍ਹਾ ਦੇ ਬੇਟੇ ਬਿ੍ਰਜੇਂਦਰ ਸਿੰਘ ਨੇ ਭਾਜਪਾ ਛੱਡ ਦਿੱਤੀ। ਬਿ੍ਰਜੇਂਦਰ ਨੇ ‘ਐਕਸ’ ’ਤੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾਮੈਂ ਸਿਆਸੀ ਕਾਰਨਾਂ ਕਰਕੇ ਭਾਜਪਾ ਦੀ ਮੈਂਬਰੀ ਛੱਡੀ ਹੈ। ਮੈਂ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜੇ ਪੀ ਨੱਢਾ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਸ੍ਰੀ ਅਮਿਤ ਸ਼ਾਹ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਮੈਨੂੰ ਸੰਸਦ ਮੈਂਬਰ ਵਜੋਂ ਹਿਸਾਰ ਦੀ ਸੇਵਾ ਦਾ ਮੌਕਾ ਦਿੱਤਾ।
ਸੂਤਰਾਂ ਦਾ ਕਹਿਣਾ ਹੈ ਕਿ ਬੀਰੇਂਦਰ ਸਿੰਘ ਵੀ ਇਕ ਰੈਲੀ ਕਰਕੇ ਕਾਂਗਰਸ ਵਿਚ ਪਰਤ ਸਕਦੇ ਹਨ। 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾ ਰੈਲੀ ਕੀਤੀ ਸੀ।
ਭਾਜਪਾ ਨੇ ਉਨ੍ਹਾ ਨੂੰ ਰਾਜ ਸਭਾ ਮੈਂਬਰ ਤੇ ਕੇਂਦਰੀ ਮੰਤਰੀ ਬਣਾਇਆ ਸੀ। ਬੀਰੇਂਦਰ ਸਿੰਘ ਬਿ੍ਰਟਿਸ਼ ਰਾਜ ਵੇਲੇ ਕੀਤੇ ਫੈਸਲਿਆਂ ਕਾਰਨ ਕਿਸਾਨਾਂ ਵਿਚ ਬਹੁਤ ਹੀ ਸਤਿਕਾਰੇ ਜਾਂਦੇ ਸਰ ਛੋਟੂ ਰਾਮ ਦੇ ਦੋਹਤੇ ਹਨ। ਉਹ ਹਰਿਆਣਾ ਕਾਂਗਰਸ ਦੇ ਦੋ ਵਾਰ ਪ੍ਰਧਾਨ ਵੀ ਰਹੇ ਹਨ। ਉਹ ਰਿਸ਼ਤੇ ਵਿਚ ਹਰਿਆਣਾ ਦੇ ਵੱਡੇ ਕਾਂਗਰਸ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਭਰਾ ਲੱਗਦੇ ਹਨ।





