ਮੁਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਇਥੇ ਲੋਕ ਸਭਾ ਚੋਣ ਲਈ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ | ਪਹਿਲੀ ਵਾਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪਾਰਟੀ ਦੇ ਕੌਮੀ ਕਨਵੀਨਰ ਨਾਲੋਂ ਤਰਜੀਹ ਦਿੱਤੀ ਗਈ ਹੈ | ਪੋਸਟਰਾਂ ਵਿਚ ਹਾਲਾਂਕਿ ਦੋਹਾਂ ਦੀਆਂ ਤਸਵੀਰਾਂ ਹਨ, ਪਰ ਕੈਪਸ਼ਨ ਵਿਚ ਮਾਨ ਦੀ ਲੀਡਰਸ਼ਿਪ ਨੂੰ ਉਘਾੜਿਆ ਗਿਆ ਹੈ | ਪੋਸਟਰ ‘ਤੇ ਲਿਖਿਆ ਹੈ—ਸੰਸਦ ‘ਚ ਵੀ ਭਗਵੰਤ ਮਾਨ, ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ |
ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਦੌਰਾਨ ਪਿਛਲੇ ਦੋ ਸਾਲਾਂ ‘ਚ ਕਾਫੀ ਕੰਮ ਹੋਇਆ ਹੈ, ਪਰ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ | ਕੇਜਰੀਵਾਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਉਮੀਦਵਾਰਾਂ ਨੂੰ ਜਿਤਾ ਕੇ ਇਤਿਹਾਸ ਸਿਰਜਿਆ ਸੀ ਅਤੇ ਹੁਣ ਦੂਜਾ ਵੱਡਾ ਚੋਣ ਮੁਕਾਬਲਾ ਹੋ ਰਿਹਾ ਹੈ | ਇਸ ‘ਚ ਵੀ ਪਹਿਲਾਂ ਵਾਂਗ ਸੂਬੇ ਦੇ ਲੋਕਾਂ ਦੇ ਪਿਆਰ ਅਤੇ ਸਹਿਯੋਗ ਦੀ ਬਹੁਤ ਲੋੜ ਹੈ | ਉਹ ਆਪਣੇ ਲਈ ਕੁਝ ਵੀ ਨਹੀਂ ਮੰਗ ਰਹੇ, ਬਲਕਿ ਰੰਗਲਾ ਪੰਜਾਬ ਬਣਾਉਣ ਅਤੇ ਵਿਕਾਸ ਦੀ ਗੱਡੀ ਨੂੰ ਲੀਹ ‘ਤੇ ਤੋਰਨ ਦਾ ਯਤਨ ਕਰ ਰਹੇ ਹਨ | ਮੌਜੂਦਾ ਸਮੇਂ ‘ਚ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਮਤਭੇਦ ਕਰ ਰਹੀ ਹੈ | ਦਿੱਲੀ ‘ਚ ਵੀ ਅਜਿਹਾ ਕੁਝ ਹੋ ਰਿਹਾ ਹੈ | ਕੇਂਦਰ ਸਰਕਾਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਜਾਂਚ ਏਜੰਸੀਆਂ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ | ਭਾਜਪਾ ਹੁਣ ਅਪਰੇਸ਼ਨ ਲੋਟਸ ਤਹਿਤ ਪੰਜਾਬ ਸਰਕਾਰ ਨੂੰ ਤੋੜਨ ਲਈ ਹਰ ਹੀਲਾ ਵਰਤ ਰਹੀ ਹੈ | ਮਾਨ ਨੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤ ਕੇ ਇਤਿਹਾਸ ਸਿਰਜੇਗੀ | ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਵਿਸ਼ੇਸ਼ ਕੈਂਪਸ ਲਾਂਚ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ‘ਚ ਕੀਤਾ ਗਿਆ ਹੈ | ਮੁੱਖ ਮੰਤਰੀ ਨੇ ਵਿਕਾਸਮੁਖੀ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕਾਫੀ ਪ੍ਰਸੰਸਾ ਕੀਤੀ | ਭਾਜਪਾ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਜਿੱਥੇ ਨਫਰਤ ਫੈਲਾਅ ਰਹੀ ਹੈ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ‘ਚ ਲੱਗੀ ਹੋਈ ਹੈ | ਸੁਨੀਲ ਜਾਖੜ ‘ਤੇ ਵਿਅੰਗ ਕਰਦਿਆਂ ਕਿਹਾ ਕਿ ਕੋਈ ਪਤਾ ਨਹੀਂ ਕਿ ਉਹ ਭਾਜਪਾ ਜਾਂ ਕਾਂਗਰਸ ਕਿਸ ਲਈ ਕੰਮ ਕਰ ਰਹੇ ਹਨ | ਸੁਖਦੇਵ ਸਿੰਘ ਢੀਂਡਸਾ ਦੀ ਘਰ ਵਾਪਸੀ ‘ਤੇ ਕਿਹਾ ਕਿ ਢੀਂਡਸਾ ਦੀ ਵਾਪਸੀ ਪਾਰਟੀ ‘ਚ ਹੋਈ ਹੈ, ਲੋਕਾਂ ਦੇ ਦਿਲਾਂ ‘ਚੋਂ ਤਾਂ ਬਹੁਤ ਦੂਰ ਹੋ ਗਏ ਹਨ |





