ਪਟਿਆਲਾ : ਬੁੱਧਵਾਰ ਇੱਥੇ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ, ਪਟਿਆਲਾ ਦੀ ਇੱਕ ਹੰਗਾਮੀ ਮੀਟਿੰਗ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਦੀ ਕਨਵੀਨਰਸ਼ਿਪ ਹੇਠ 21 ਜੁਲਾਈ ਨੂੰ ਪ੍ਰਸਤਾਵਤ ਹੜਤਾਲ ਦੇ ਸਬੰਧ ਵਿੱਚ ਮੈਨੇਜਮੈਂਟ ਨਾਲ ਹੋਈ ਗੱਲਬਾਤ ਦੇ ਸੰਦਰਭ ਵਿੱਚ ਵਿਚਾਰ-ਵਟਾਂਦਰਾ ਕਰਨ ਲਈ ਹੋਈ | ਇਸ ਮੀਟਿੰਗ ਵਿੱਚ ਐਕਸ਼ਨ ਕਮੇਟੀ ਦੇ ਮੈਂਬਰਾਂ ਬਲਦੇਵ ਰਾਜ ਬੱਤਾ, ਬਿਕਰਮਜੀਤ ਸ਼ਰਮਾ, ਗੁਰਬਖਸ਼ਾ ਰਾਮ, ਤਰਸੇਮ ਸਿੰਘ ਅਤੇ ਉਤਮ ਸਿੰਘ ਬਾਗੜੀ ਅਤੇ ਕੁੱਝ ਹੋਰ ਆਗੂ ਸ਼ਾਮਲ ਸਨ | ਇਸ ਮੀਟਿੰਗ ਵਿੱਚ ਐਕਸ਼ਨ ਕਮੇਟੀ ਵੱਲੋਂ ਵਰਕਰਾਂ ਦੀਆਂ ਮੰਗਾਂ ਸੰਬੰਧੀ ਜੋ ਮੰਗ ਪੱਤਰ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਨੂੰ ਦਿੱਤਾ ਗਿਆ ਸੀ, ਉਸ ਸੰਬੰਧੀ ਮੈਨੇਜਮੈਂਟ ਨਾਲ ਸਮੇਂ-ਸਮੇਂ ਹੋਈਆਂ ਮੀਟਿੰਗਾਂ ਦਾ ਲੇਖਾ-ਜੋਖਾ ਕੀਤਾ ਗਿਆ | ਮੁੱਖ ਮੰਗਾਂ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਦੇ ਲੇਟ ਹੋਣ ਸੰਬੰਧੀ ਮੈਨੇਜਮੈਂਟ ਦਾ ਪੱਖ ਸੀ ਕਿ ਮੁਫਤ ਸਫਰ ਬਦਲੇ ਸਰਕਾਰ ਵੱਲੋਂ ਬਣਦੇ ਪੈਸੇ ਸਮੇਂ ਸਿਰ ਨਹੀਂ ਮਿਲੇ, ਜਿਸ ਕਰਕੇ ਤਨਖਾਹ ਪੈਨਸ਼ਨ ਲੇਟ ਹੋਈ, ਜੋ ਕਿ ਹੁਣ ਅਦਾਇਗੀ ਕਰ ਦਿੱਤੀ ਗਈ ਹੈ | ਦੂਸਰਾ ਵੱਡਾ ਮੁੱਦਾ ਬਠਿੰਡਾ ਡਿਪੂ ਵਿਖੇ ਟਿਕਟ ਮਸ਼ੀਨਾਂ ਰਾਹੀਂ ਹੋਏ ਬਹੁ ਕਰੋੜੀ ਸਕੈਂਡਲ ਵਿੱਚ ਦੋਸ਼ੀਆਂ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਨਾ ਹੋਣਾ ਅਤੇ ਕਮਜ਼ੋਰ ਐੱਫ.ਆਈ.ਆਰ. ਦਰਜ ਕਰਵਾਉਣਾ ਅਤੇ ਜਨਰਲ ਮੈਨੇਜਰ ਬਠਿੰਡਾ ਦੀ ਜ਼ਿੰਮੇਵਾਰੀ ਤਹਿ ਨਾ ਕਰਨਾ ਸੀ | ਇਸ ਸੰਬੰਧੀ ਜੋ ਪ੍ਰਗਤੀ ਹੋਈ, ਉਸ ਮੁਤਾਬਿਕ ਜਨਰਲ ਮੈਨੇਜਰ ਬਠਿੰਡਾ ਨੂੰ ਬਦਲ ਕੇ ਫਰੀਦਕੋਟ ਡਿਪੂ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਸਕੈਂਡਲ ਨਾਲ ਸਬੰਧਤ ਸਾਰੇ ਤੱਥਾਂ ਦੀ ਰਿਕਾਰਡ ਦੀ ਘੋਖ ਕਰਕੇ ਨਾਲੋਂ-ਨਾਲ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਸੂਚਨਾ ਭੇਜੀ ਜਾ ਰਹੀ ਹੈ | ਮੁਲਜ਼ਮਾਂ ਦੀ ਜ਼ਮਾਨਤ ਦਾ ਵਿਰੋਧ ਕਰਨ ਲਈ ਹਾਈਕੋਰਟ ਵਿੱਚ ਵਕੀਲ ਵੀ ਕੀਤਾ ਗਿਆ ਹੈ | ਕੇਸ ਨਾਲ ਸੰਬੰਧਤ ਹੋਰ ਕਾਰਵਾਈ ਕਰਦੇ ਹੋਏ ਦੋ ਕਰਮਚਾਰੀ ਮੁਅੱਤਲ ਕੀਤੇ ਗਏ ਹਨ | ਮੀਟਿੰਗ ਇਸ ਰਾਏ ਦੀ ਸੀ ਕਿ ਜਨਰਲ ਮੈਨੇਜਰ ਬਠਿੰਡਾ ਦੀ ਬਦਲੀ ਕਰਨਾ ਕਾਫੀ ਨਹੀਂ ਸਗੋਂ ਇਸ ਸਕੈਂਡਲ ਵਿੱਚ ਉਸ ਦੀ ਸ਼ੱਕੀ ਭੂਮਿਕਾ ਦੀ ਡੂੰਘਾਈ ਨਾਲ ਪੜਤਾਲ ਕਰਕੇ ਐਕਸ਼ਨ ਲੈਣਾ ਬਣਦਾ ਹੈ | ਸਿਰਫ ਕੁੱਝ ਕਰਮਚਾਰੀਆਂ ਵਿਰੁੱਧ ਐਕਸ਼ਨ ਲੈ ਕੇ ਮੈਨੇਜਮੈੈਂਟ ਜਨਰਲ ਮੈਨੇਜਰ ਦਾ ਬੇਲੋੜਾ ਬਚਾਅ ਕਰ ਰਹੀ ਹੈ |
ਐਕਸ਼ਨ ਕਮੇਟੀ ਇਸ ਨੂੰ ਅੰਸ਼ਕ ਕਾਰਵਾਈ ਸਮਝਦੀ ਹੈ, ਜਿਸ ਕਰਕੇ ਇਸ ਸਕੈਂਡਲ ਨੂੰ ਪੂਰਨ ਰੂਪ ਵਿੱਚ ਸਾਹਮਣੇ ਲੈ ਕੇ ਆਉਣ ਤੱਕ ਆਪਣੀ ਮੰਗ ਸੰਬੰਧੀ ਕਾਰਵਾਈ ਜਾਰੀ ਰੱਖੇਗੀ | ਕੰਟਰੈਕਟ ਵਰਕਰਾਂ ਨੂੰ ਪੱਕੇ ਕਰਨ ਸਬੰਧੀ ਮੈਨੇਜਮੈਂਟ ਦਾ ਪੱਖ ਸੀ ਕਿ ਇਸ ਸੰਬੰਧ ਵਿੱਚ ਪੰਜਾਬ ਸਰਕਾਰ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ ਅਤੇ ਜਿਹੜੀ ਪਾਲਸੀ ਬਣੇਗੀ, ਉਹ ਪੀ.ਆਰ.ਟੀ.ਸੀ. ਵਿੱਚ ਲਾਗੂ ਕਰ ਦਿੱਤੀ ਜਾਵੇਗੀ, ਓਵਰ ਟਾਈਮ ਨੂੰ ਰੈਸਟਾਂ ਵਿੱਚ ਬਦਲਣਾ ਬੰਦ ਕਰ ਦਿੱਤਾ ਗਿਆ ਹੈ, ਵਰਕਰਾਂ ਦੇ ਬਕਾਏ ਅਦਾ ਕਰਨ ਸਬੰਧੀ ਕਿਹਾ ਗਿਆ ਕਿ ਸਰਕਾਰ ਤੋਂ ਪੀ.ਆਰ.ਟੀ.ਸੀ. ਦੇ ਬਣਦੇ ਪੈਸੇ ਮਿਲਣ ‘ਤੇ ਬਕਾਇਆਂ ਦੀ ਅਦਾਇਗੀ ਪਹਿਲ ਦੇ ਆਧਾਰ ‘ਤੇ ਕੀਤੀ ਜਾਵੇਗੀ | ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਦੇ ਸੁਆਲ ‘ਤੇ ਐਕਸ਼ਨ ਕਮੇਟੀ ਵੱਲੋਂ ਵਿਰੋਧ ਜਾਰੀ ਰੱਖਿਆ ਜਾਵੇਗਾ |
ਐਕਸ਼ਨ ਕਮੇਟੀ ਨੇ ਸਮੁੱਚੇ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਕੀਤਾ ਕਿ 21 ਜੁਲਾਈ ਨੂੰ ਕੀਤੀ ਜਾਣ ਵਾਲੀ ਹੜਤਾਲ ਮੁਲਤਵੀ ਕੀਤੀ ਜਾਂਦੀ ਹੈ | ਜੇਕਰ ਤਨਖਾਹ ਪੈਨਸ਼ਨ ਇਸੇ ਤਰ੍ਹਾਂ ਲੇਟ ਕੀਤੀ ਗਈ ਅਤੇ ਬਾਕੀ ਮੰਗਾਂ ਦਾ ਸਾਰਥਕ ਹੱਲ ਨਾ ਕੀਤਾ ਗਿਆ ਤਾਂ ਫਿਰ ਤੋਂ ਐਜੀਟੇਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ |