ਕਾਨਪੁਰ : 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਹੋਏ ਸਮੂਹਕ ਕਤਲੇਆਮ ਦੀ ਜਾਂਚ ਕਰ ਰਹੀ ਐੱਸ ਆਈ ਟੀ ਨੇ ਬੁੱਧਵਾਰ ਇਮਾਰਤ ਨੂੰ ਅੱਗ ਲਾਉਣ ਦੇ ਦੋਸ਼ ‘ਚ ਪੰਜ ਹੋਰ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ | ਇਸ ਘਟਨਾ ‘ਚ ਤਿੰਨ ਵਿਅਕਤੀਆਂ ਨੂੰ ਸਾੜ ਦਿੱਤਾ ਗਿਆ ਸੀ | ਕਿਦਵਈ ਨਗਰ ਦੇ ਨਿਰਾਲਾ ਨਗਰ ਤੋਂ ਤਾਜ਼ਾ ਗਿ੍ਫਤਾਰੀਆਂ ਨਾਲ ਐੱਸ ਆਈ ਟੀ ਨੇ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਈ ਹਿੰਸਾ ਦੇ ਸੰਬੰਧ ਵਿੱਚ ਕੁੱਲ 27 ਲੋਕਾਂ ਨੂੰ ਗਿ੍ਫਤਾਰ ਕੀਤਾ ਹੈ | ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਉੱਤਰ ਪ੍ਰਦੇਸ਼ ਸਰਕਾਰ ਨੇ 27 ਮਈ 2019 ਐੱਸ ਆਈ ਟੀ ਕਾਇਮ ਕੀਤੀ ਸੀ, ਜੋ ਤਿੰਨ ਸਾਲਾਂ ਤੋਂ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ | ਗਿ੍ਫਤਾਰ ਕੀਤੇ ਪੰਜ ਮੁਲਜ਼ਮਾਂ ਦੀ ਪਛਾਣ ਅਨਿਲ ਕੁਮਾਰ ਪਾਂਡੇ (61), ਸ੍ਰੀਰਾਮ ਉਰਫ ਬੱਗੜ (65), ਮੁਸਤਕੀਮ (70), ਅਬਦੁਲ ਵਹੀਦ (61) ਅਤੇ ਇਰਸ਼ਾਦ ਖਾਨ (60) ਵਜੋਂ ਹੋਈ ਹੈ |