24.4 C
Jalandhar
Wednesday, April 24, 2024
spot_img

ਸ੍ਰੀਲੰਕਾ ਦੇ ਮੁਕਾਬਲੇ ਸਾਡੀ ਹਾਲਤ

ਇਸ ਸਮੇਂ ਦੇਸ਼ ਵਿੱਚ ਜਿਹੜੇ ਹਾਲਾਤ ਹਨ, ਉਸ ਤੋਂ ਇਹ ਚਿੰਤਾ ਹੋਣੀ ਸੁਭਾਵਕ ਹੈ ਕਿ ਕਿਧਰੇ ਸਾਡੀ ਵੀ ਸਥਿਤੀ ਸ੍ਰੀਲੰਕਾ ਵਾਲੀ ਤਾਂ ਨਹੀਂ ਬਣ ਜਾਵੇਗੀ | ਦੇਸ਼ ਦੀ ਆਰਥਿਕ ਸਥਿਤੀ ਬਾਰੇ ਭਾਜਪਾ ਆਗੂ ਡਾ. ਸੁਬਰਾਮਨੀਅਮ ਨੇ ਹੁਣ ਜਿਹੇ ਕਿਹਾ ਸੀ ਕਿ ਯੂ ਪੀ ਏ ਸਰਕਾਰ ਦੌਰਾਨ 2011 ਵਿੱਚ ਭਾਰਤ ਦੁਨੀਆ ਦੇ 193 ਦੇਸ਼ਾਂ ਵਿੱਚੋਂ ਤੀਜੇ ਨੰਬਰ ਦੀ ਸ਼ਕਤੀ ਸੀ, ਪਰ ਅੱਜ ਅਸੀਂ 164ਵੇਂ ਨੰਬਰ ‘ਤੇ ਪੁੱਜ ਚੁੱਕੇ ਹਾਂ | ਡਾ. ਸਵਾਮੀ ਦੇ ਇਸ ਦਾਅਵੇ ਦਾ ਸਰਕਾਰੀ ਤੌਰ ਉੱਤੇ ਹਾਲੇ ਤੱਕ ਖੰਡਨ ਨਹੀਂ ਕੀਤਾ ਗਿਆ | ਇਸ ਤਰ੍ਹਾਂ ਹੀ ਸਾਬਕਾ ਅਧਿਕਾਰੀ ਤੇ ਤਿ੍ਣਮੂਲ ਦੇ ਸਾਂਸਦ ਜਵਾਹਰ ਸਰਕਾਰ ਨੇ ਕਿਹਾ ਹੈ ਕਿ ਇਸ ਸਮੇਂ ਭਾਰਤ ਉੱਪਰ 621 ਅਰਬ ਡਾਲਰ ਦਾ ਕਰਜ਼ਾ ਹੈ ਅਤੇ ਇਸ ਵਿੱਚੋਂ 267 ਅਰਬ ਡਾਲਰ ਦਾ ਅਗਲੇ ਨੌਂ ਮਹੀਨਿਆਂ ਵਿੱਚ ਭੁਗਤਾਨ ਕਰਨਾ ਪੈਣਾ ਹੈ | ਇਹ ਰਕਮ ਦੇਸ਼ ਦੇ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਦਾ 44 ਫ਼ੀਸਦੀ ਬਣਦੀ ਹੈ | ਇਹ ਸਥਿਤੀ ਚਿੰਤਾ ਪੈਦਾ ਕਰਨ ਵਾਲੀ ਹੈ, ਕਿਉਂਕਿ ਸ੍ਰੀਲੰਕਾ ਦੀ ਤਾਜ਼ਾ ਹਾਲਤ ਵੀ ਵਿਦੇਸ਼ੀ ਕਰਜ਼ੇ ਦਾ ਸਮੇਂ ਸਿਰ ਭੁਗਤਾਨ ਨਾ ਕਰਨ ਕਰਕੇ ਹੀ ਬਣੀ ਹੈ |
ਫਾਸ਼ੀਵਾਦੀ ਹਾਕਮ ਨੂੰ ਅਖੀਰ ਤੱਕ ਇਹ ਲੱਗਦਾ ਰਹਿੰਦਾ ਹੈ ਕਿ ਜਨਤਾ ਹੋਰ ਕਿਸੇ ਵੀ ਆਗੂ ਨਾਲੋਂ ਉਸ ਨੂੰ ਵੱਧ ਪਸੰਦ ਕਰਦੀ ਹੈ | ਸ੍ਰੀਲੰਕਾ ਵਿੱਚ ਮਹਿੰਦਾ ਰਾਜਪਕਸ਼ੇ ਨੇ ਸੱਤਾ ਸੰਭਾਲੀ ਸੀ ਤਾਂ ਉਨ੍ਹਾ ਆਪਣੇ ਭਰਾ ਗੋਟਾਬਾਯਾ ਦੀ ਅਗਵਾਈ ਵਿੱਚ ਫ਼ੌਜ ਰਾਹੀਂ ਤਾਮਿਲਾਂ ਦਾ ਕਤਲੇਆਮ ਕਰਕੇ ਸਿਨਹਾਲੀ ਤੇ ਬੋਧ ਬਹੁਗਿਣਤੀ ਵਿੱਚ ਆਪਣੀ ਬੱਲੇ-ਬੱਲੇ ਕਰਾ ਲਈ ਸੀ | ਇਸੇ ਅੰਧ-ਰਾਸ਼ਟਰਵਾਦ ਦੇ ਸਹਾਰੇ ਸਮੁੱਚਾ ਰਾਜਪਕਸ਼ੇ ਪਰਵਾਰ ਸੱਤਾ ਉੱਤੇ ਕਾਬਜ਼ ਹੋ ਗਿਆ ਸੀ | ਗੋਟਾਬਾਯਾ ਰਾਜਪਕਸ਼ੇ ਰਾਸ਼ਟਰਪਤੀ, ਭਰਾ ਮਹਿੰਦਾ ਰਾਜਪਕਸ਼ੇ ਪ੍ਰਧਾਨ ਮੰਤਰੀ, ਭਰਾ ਬਾਸਿਲ ਰਾਜਪਕਸ਼ੇ ਵਿੱਤ ਮੰਤਰੀ, ਚਾਮਲ ਰਾਜਪਕਸ਼ੇ ਖੇਤੀ ਮੰਤਰੀ ਤੇ ਮਹਿੰਦਾ ਰਾਜਪਕਸ਼ੇ ਦਾ ਬੇਟਾ ਨਾਮਲ ਰਾਜਪਕਸ਼ੇ ਖੇਡਾਂ ਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਬਣ ਗਏ ਸਨ |
ਰਾਜਪਕਸ਼ੇ ਪਰਵਾਰ ਨੇ ਸਿਰਫ਼ ਤਾਮਿਲ ਅੱਤਵਾਦੀਆਂ ਨੂੰ ਹੀ ਸਮਾਪਤ ਨਹੀਂ ਕੀਤਾ, ਸਗੋਂ ਆਪਣੇ ਹਰ ਕਿਸਮ ਦੇ ਵਿਰੋਧੀਆਂ ਨੂੰ ਵੀ ਖੂੰਜੇ ਲਾ ਦਿੱਤਾ ਸੀ | ਦੇਸ਼ ਵਿੱਚ ਪ੍ਰਗਟਾਵੇ ਦੀ ਅਜ਼ਾਦੀ ‘ਤੇ ਪੂਰਨ ਪਾਬੰਦੀ ਲਾ ਦਿੱਤੀ ਗਈ | ਜਨਤਾ ਜਦੋਂ ਕਿਸੇ ਨੂੰ ਆਪਣਾ ਹੀਰੋ ਚੁਣਦੀ ਹੈ ਤਾਂ ਉਸ ਨੂੰ ਲਗਦਾ ਹੈ ਕਿ ਉਹ ਖੁਦ ਨੂੰ ਚੁਣ ਰਹੀ ਹੈ | ਇਸ ਲਈ ਉਹ ਆਪਣੇ ਨਾਇਕ ਦੀਆਂ ਗਲਤੀਆਂ ਨੂੰ ਵੀ ਆਪਣੇ ਪੇਟੇ ਪਾ ਕੇ ਅੱਖਾਂ ਮੀਟੀ ਉਸ ਦੀ ਪਿਛਲੱਗ ਬਣੀ ਰਹਿੰਦੀ ਹੈ | ਆਖਰ ਜਦੋਂ ਹੀਰੋ ਦਾ ਤਲਿੱਸਮ ਟੁੱਟਣ ਲੱਗਦਾ ਤੇ ਜਨਤਾ ਸੰਮੋਹਨ ਨੀਂਦ ਵਿੱਚੋਂ ਬਾਹਰ ਆਉਂਦੀ ਹੈ ਤਾਂ ਪਤਾ ਹੀ ਨਹੀਂ ਲਗਦਾ ਕੱਲ੍ਹ ਤੱਕ ਦਾ ਜਨਤਾ ਦਾ ਹੀਰੋ ਕਦੋਂ ਜ਼ੀਰੋ ਹੋ ਗਿਆ ਹੈ | ਇਹੋ ਕੁਝ ਸ੍ਰੀਲੰਕਾ ਵਿੱਚ ਵਾਪਰਿਆ ਹੈ | ਇੱਕ ਸਮੇਂ ਰਾਜਪਕਸ਼ੇ ਪਰਵਾਰ ਨੂੰ ਸੱਤਾ ਦੇ ਸਿਖਰ ‘ਤੇ ਪੁਚਾਉਣ ਵਾਲੀ ਸਿਨਹਾਲੀ-ਬੋਧ ਬਹੁਗਿਣਤੀ ਅੱਜ ਰਾਜਪਕਸ਼ੇ ਪਰਵਾਰ ਦੇ ਖੂਨ ਦੀ ਪਿਆਸੀ ਬਣ ਚੁੱਕੀ ਹੈ |
ਨਰਿੰਦਰ ਮੋਦੀ ਦੇ ਦਿੱਲੀ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਭਾਵੇਂ ਉਸ ਤੋਂ ਪਹਿਲੇ ਸੱਤਾਧਾਰੀਆਂ ਦੀਆਂ ਭਿ੍ਸ਼ਟ ਨੀਤੀਆਂ ਦਾ ਵੱਡਾ ਕਾਰਨ ਰਿਹਾ, ਪਰ ਇਸ ਵਿੱਚ ਉਸ ਵੱਲੋਂ ਆਪਣੇ ਆਪ ਨੂੰ ਚਾਹ ਵੇਚਣ ਵਾਲੇ ਵਜੋਂ ਪੇਸ਼ ਕੀਤੇ ਜਾਣ ਦਾ ਵੀ ਘੱਟ ਯੋਗਦਾਨ ਨਹੀਂ ਸੀ | ਅੱਜ ਵੀ ਉਹ ਮਹਿੰਗੇ ਸੂਟ, ਘੜੀ, ਚਸ਼ਮੇ ਤੇ ਪੈੱਨ ਦੀ ਵਰਤੋਂ ਕਰਨ ਦੇ ਬਾਵਜੂਦ ਲੋਕਾਂ ਨੂੰ ਇਹ ਦੱਸਣਾ ਨਹੀਂ ਭੁੱਲਦੇ ਕਿ ਉਹ ਬੇਹੱਦ ਗਰੀਬ ਪਰਵਾਰ ਵਿੱਚੋਂ ਆਏ ਹਨ | ਸਿਰੇ ਦੀ ਮਹਿੰਗਾਈ, ਬੇਰੁਜ਼ਗਾਰੀ, ਰੁਪਏ ਦੀ ਕਦਰ-ਘਟਾਈ ਤੇ ਨਫ਼ਰਤ ਦੀ ਖੇਤੀ ਦੇ ਬਾਵਜੂਦ ਅੱਜ ਵੀ ਨਰਿੰਦਰ ਮੋਦੀ ਨੇ ਜਨਤਾ ਵਿੱਚ ਆਪਣੀ ਨਾਇਕ ਵਾਲੀ ਛਵੀ ਕਾਇਮ ਰੱਖੀ ਹੋਈ ਹੈ |
ਸਵਾਲ ਪੈਦਾ ਹੁੰਦਾ ਹੈ ਕਿ ਆਮ ਜਨਤਾ ਦੀਆਂ ਵਧ ਰਹੀਆਂ ਤਕਲੀਫ਼ਾਂ ਵਿੱਚ ਨਰਿੰਦਰ ਮੋਦੀ ਆਪਣੇ ਤਲਿੱਸਮ ਨੂੰ ਸਦਾ ਲਈ ਕਾਇਮ ਰੱਖੀ ਰੱਖਣਗੇ | ਰਾਜਪਕਸ਼ੇ ਪਰਵਾਰ 2015 ਤੋਂ 2019 ਦੇ ਸਮੇਂ ਨੂੰ ਛੱਡ ਕੇ ਪਿਛਲੇ ਸਤਾਰਾਂ ਸਾਲਾਂ ਤੋਂ ਸ੍ਰੀਲੰਕਾ ਦੀ ਸੱਤਾ ਉੱਤੇ ਕਾਬਜ਼ ਰਿਹਾ ਸੀ | ਇਸ ਦੌਰਾਨ ਉਸ ਨੇ ਉਹ ਸਾਰੇ ਦਾਅਪੇਚ ਵਰਤੇ, ਜਿਹੜੇ ਸਾਡੇ ਦੇਸ਼ ਵਿੱਚ ਵਰਤੇ ਜਾ ਰਹੇ ਹਨ | ਸਤਾਰਾਂ ਫ਼ੀਸਦੀ ਤਾਮਿਲਾਂ ਤੇ ਤਿੰਨ ਫ਼ੀਸਦੀ ਮੁਸਲਮਾਨਾਂ ਵਿਰੁੱਧ ਸਿਨਹਾਲੀ ਬਹੁਗਿਣਤੀ ਵਿੱਚ ਨਫ਼ਰਤ ਦੇ ਟੀਕੇ ਲਾਏ ਗਏ | ਬੋਧ ਧਰਮ ਗੁਰੂਆਂ ਰਾਹੀਂ ਤਾਮਿਲਾਂ ਤੇ ਮੁਸਲਮਾਨਾਂ ਦੇ ਕਤਲੇਆਮ ਦੇ ਸੱਦੇ ਦਿੱਤੇ ਗਏ, ਪਰ ਅੰਤ ਨੂੰ ਜਨਤਾ ਦੇ ਸਬਰ ਦਾ ਪਿਆਲਾ ਟੁੱਟ ਗਿਆ ਤੇ ਉਸ ਨੇ ਅੰਧ-ਰਾਸ਼ਟਰਵਾਦ ਦੀ ਨੀਂਦ ਵਿੱਚੋਂ ਬਾਹਰ ਆ ਕੇ ਬਗਾਵਤ ਦਾ ਝੰਡਾ ਚੁੱਕ ਲਿਆ | ਸ੍ਰੀਲੰਕਾ ਹੀ ਨਹੀਂ ਹੋਰ ਵੀ ਕਈ ਦੇਸ਼ਾਂ ਨੂੰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ | ਲਾਤੀਨੀ ਅਮਰੀਕਾ ਦੇ ਕਈ ਦੇਸ਼ ਅਜਿਹੀ ਸਥਿਤੀ ਵਿੱਚੋਂ ਲੰਘ ਚੁੱਕੇ ਹਨ, ਪਰ ਅੰਤ ਨੂੰ ਜਿੱਤ ਜਨਤਾ ਦੀ ਹੁੰਦੀ ਹੈ | ਜਨਤਾ ਜਿੰਨੀ ਜਲਦੀ ਜਾਗ ਪਏ, ਨੁਕਸਾਨ ਓਨਾ ਹੀ ਘੱਟ ਹੁੰਦਾ ਹੈ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles