ਸ਼ਿਲਾਂਗ : ਇੱਥੇ ਵਿਵਾਦਤ ਪੰਜਾਬੀ ਲੇਨ ਦੇ ਵਸਨੀਕਾਂ ਨੇ 9 ਮਾਰਚ ਨੂੰ ਉਨ੍ਹਾਂ ਦੇ ਇਲਾਕੇ ’ਚ ਹੋਏ ਆਈ ਈ ਡੀ ਧਮਾਕੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਦਖਲ ਦੇਣ ਦੀ ਮੰਗ ਕੀਤੀ ਹੈ। ਧਮਾਕੇ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ। ਸ਼ਾਹ ਨੂੰ ਲਿਖੇ ਪੱਤਰ ’ਚ ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਗੁਰਜੀਤ ਸਿੰਘ ਨੇ ਕਿਹਾ ਕਿ ਧਮਾਕੇ ਨੇ ਵਸਨੀਕਾਂ ’ਚ ਡਰ ਪੈਦਾ ਕਰ ਦਿੱਤਾ ਹੈ। ਵਿਵਾਦ ਵਾਲੇ ਖੇਤਰ ’ਚ ਰਹਿਣ ਵਾਲੇ ਸਿੱਖ ਭਾਈਚਾਰੇ ਦਾ ਮੰਨਣਾ ਹੈ ਕਿ ਇਹ ਧਮਾਕਾ ਉਨ੍ਹਾਂ ਨੂੰ ਮਿਊਂਸਪਲ ਜ਼ਮੀਨ ’ਚ ਤਬਦੀਲ ਕਰਨ ਦੇ ਉਦੇਸ਼ ਨਾਲ ਗੱਲਬਾਤ ’ਚ ਵਿਘਨ ਪਾਉਣ ਲਈ ਕੀਤਾ ਗਿਆ। ਉਨ੍ਹਾ ਸ਼ਾਹ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਧਮਾਕਾ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਤਾਰਪੀਡੋ ਕਰਨ ਲਈ ਕੀਤਾ ਗਿਆ। ਉਨ੍ਹਾ ਕਿਹਾ ਕਿ ਪੰਜਾਬੀ ਬਸਤੀ ਦੇ ਸਿੱਖਾਂ ਨੂੰ ਵੱਖ-ਵੱਖ ਕਬਾਇਲੀ ਸਮੂਹਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਸਮੂਹ ਮੇਘਾਲਿਆ ’ਚ ਗੈਰ-ਆਦਿਵਾਸੀਆਂ ਦੀ ਮੌਜੂਦਗੀ ਦਾ ਖੁੱਲ੍ਹੇਆਮ ਵਿਰੋਧ ਕਰ ਰਹੇ ਹਨ, ਜਿਸ ਨਾਲ ਡਰ ਦਾ ਮਾਹੌਲ ਬਣਿਆ ਹੋਇਆ ਹੈ।




