ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ’ਚ ਬੁੱਧਵਾਰ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਰਕਾਰ ਨੇ ਭਰੋਸੇ ਦਾ ਵੋਟ ਜਿੱਤ ਲਿਆ। ਕਾਂਗਰਸ ਨੇ ਭਰੋਸੇ ਦੇ ਮਤੇ ’ਤੇ ਗੁਪਤ ਵੋਟਿੰਗ ਕਰਵਾਉਣ ਦੀ ਮੰਗ ਕੀਤੀ, ਪਰ ਸਪੀਕਰ ਗਿਆਨ ਚੰਦ ਗੁਪਤਾ ਨੇ ਅਜਿਹਾ ਕੋਈ ਨਿਯਮ ਨਾ ਹੋਣ ਦਾ ਦਾਅਵਾ ਕਰਦਿਆਂ ਮੰਗ ਨੂੰ ਠੁਕਰਾ ਦਿੱਤਾ। ਇਹ ਮਤਾ ਜ਼ੁਬਾਨੀ ਵੋਟਾਂ ਰਾਹੀਂ ਪਾਸ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੈਣੀ ਵੱਲੋਂ ਪੇਸ਼ ਭਰੋਸੇ ਦੇ ਮਤੇ ’ਤੇ ਸਪੀਕਰ ਨੇ ਚਰਚਾ ਲਈ ਦੋ ਘੰਟੇ ਦਾ ਸਮਾਂ ਤੈਅ ਕੀਤਾ। ਜਦੋਂ ਭਰੋਸੇ ਦਾ ਮਤਾ ਰੱਖਿਆ ਗਿਆ ਅਤੇ ਚਰਚਾ ਸ਼ੁਰੂ ਹੋਈ ਤਾਂ ਜਨਨਾਇਕ ਜਨਤਾ ਪਾਰਟੀ (ਜਜਪਾ) ਦੇ ਵਿਧਾਇਕ ਦੇਵੇਂਦਰ ਸਿੰਘ ਬਬਲੀ, ਰਾਮ ਕੁਮਾਰ ਗੌਤਮ, ਈਸ਼ਵਰ ਸਿੰਘ, ਰਾਮ ਨਿਵਾਸ ਅਤੇ ਜੋਗੀ ਰਾਮ ਸਿਹਾਗ ਸਦਨ ’ਚੋਂ ਬਾਹਰ ਚਲੇ ਗਏ। ਜਜਪਾ ਨੇ ਵ੍ਹਿਪ ਜਾਰੀ ਕਰਕੇ ਆਪਣੇ 10 ਵਿਧਾਇਕਾਂ ਨੂੰ ਵਿਸ਼ਵਾਸ ਮਤੇ ’ਤੇ ਵੋਟਿੰਗ ਦੌਰਾਨ ਸਦਨ ’ਚੋਂ ਗੈਰਹਾਜ਼ਰ ਰਹਿਣ ਲਈ ਕਿਹਾ ਸੀ। ਰਾਜ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਸਦਨ ’ਚ ਮੌਜੂਦ ਹਨ, ਜਿਹੜੇ ਸੈਣੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋਏ ਸਨ।




