ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਦੋਸ਼ ਲਾਇਆ ਕਿ ਸਰਕਾਰ ਸਟੇਟ ਬੈਂਕ ਆਫ ਇੰਡੀਆ ਰਾਹੀਂ ਇਸ ਗੱਲ ਦਾ ਖੁਲਾਸਾ ਕਰਨ ਤੋਂ ਰੋਕਣ ਜਾਂ ਦੇਰੀ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਨੇ ਕਿਸ ਸਿਆਸੀ ਪਾਰਟੀ ਨੂੰ ਕਿੰਨਾ ਚੰਦਾ ਦਿੱਤਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸ ਗੱਲ ਤੋਂ ਡਰਦੇ ਹਨ? ਰਮੇਸ਼ ਨੇ ਐਕਸ ’ਤੇ ਪੋਸਟ ਕੀਤਾ-ਸੁਪਰੀਮ ਕੋਰਟ ਦੇ 15 ਫਰਵਰੀ 2024 ਨੂੰ ਚੋਣ ਬਾਂਡ ਨੂੰ ਗੈਰ-ਸੰਵਿਧਾਨਕ ਕਰਾਰ ਦੇਣ ਦੇ ਫੈਸਲੇ ਤੋਂ ਬਾਅਦ ਮੋਦੀ ਸਰਕਾਰ ਐੱਸ ਬੀ ਆਈ ਰਾਹੀਂ ਲਗਾਤਾਰ ਇਸ ਗੱਲ ਦਾ ਖੁਲਾਸਾ ਕਰਨ ਤੋਂ ਰੋਕਣ ਜਾਂ ਦੇਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਨੇ ਕਿਸ ਪਾਰਟੀ ਨੂੰ ਕਿੰਨਾ ਪੈਸਾ ਦਾਨ ਦਿੱਤਾ ਹੈ। ਪ੍ਰਧਾਨ ਮੰਤਰੀ ਕਿਸ ਗੱਲ ਤੋਂ ਇੰਨੇ ਡਰੇ ਹੋਏ ਹਨ? ਚੋਣ ਬਾਂਡ ਡੇਟਾ ਤੋਂ ਕਿਹੜਾ ਨਵਾਂ ਘਪਲਾ ਸਾਹਮਣੇ ਆਵੇਗਾ? ਉਨ੍ਹਾ ਦਾਅਵਾ ਕੀਤਾ ਕਿ 20 ਫਰਵਰੀ 2024 ਨੂੰ ਇਹ ਗੱਲ ਸਾਹਮਣੇ ਆਈ ਸੀ ਕਿ ਈ ਡੀ, ਸੀ ਬੀ ਆਈ ਜਾਂ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਜਾਂ ਜਾਂਚ ਤੋਂ ਤੁਰੰਤ ਬਾਅਦ ਭਾਜਪਾ ਨੂੰ 30 ਕੰਪਨੀਆਂ ਤੋਂ 335 ਕਰੋੜ ਰੁਪਏ ਤੱਕ ਦਾ ਚੰਦਾ ਮਿਲਿਆ ਸੀ।




