ਨਵੀਂ ਦਿੱਲੀ : ਐੱਨ ਐੱਚ ਏ ਆਈ ਨੇ ਪੇਟੀਐੱਮ ਫਾਸਟੈਗ ਉਪਭੋਗਤਾਵਾਂ ਨੂੰ 15 ਮਾਰਚ ਤੋਂ ਪਹਿਲਾਂ ਕਿਸੇ ਹੋਰ ਬੈਂਕ ਤੋਂ ਇੱਕ ਨਵਾਂ ਫਾਸਟੈਗ ਲੈਣ ਦੀ ਸਲਾਹ ਦਿੱਤੀ ਹੈ ਤਾਂ ਜੋ ਟੋਲ ਪਲਾਜ਼ਿਆਂ ’ਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਏ। ਉਸ ਨੇ ਕਿਹਾ ਹੈ ਕਿ ਪੇਟੀਐੱਮ ਫਾਸਟੈਗ ਉਪਭੋਗਤਾ 15 ਮਾਰਚ ਤੋਂ ਬਾਅਦ ਆਪਣੇ ਬੈਲੇਂਸ ਨੂੰ ਰੀਚਾਰਜ ਨਹੀਂ ਕਰ ਸਕਣਗੇ, ਪਰ ਜਿਹੜਾ ਬੈਲੇਂਸ ਖਾਤੇ ’ਚ ਹੈ, ਉਸ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹਨ।
ਪ੍ਰਨੀਤ ਕੌਰ ਅੱਜ ਭਗਵਾਂ ਝੰਡਾ ਚੁੱਕੇਗੀ
ਨਵੀਂ ਦਿੱਲੀ : ਕਾਂਗਰਸ ਦੀ ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਵੀਰਵਾਰ ਇੱਥੇ ਭਾਜਪਾ ’ਚ ਸ਼ਾਮਲ ਹੋਵੇਗੀ। ਅਮਰਿੰਦਰ ਸਿੰਘ ਆਪਣੇ ਬੱਚਿਆਂ ਰਣਇੰਦਰ ਸਿੰਘ ਅਤੇ ਜੈ ਇੰਦਰ ਕੌਰ ਦੇ ਨਾਲ ਸਤੰਬਰ 2022 ’ਚ ਭਾਜਪਾ ’ਚ ਸ਼ਾਮਲ ਹੋਏ ਸਨ। ਪ੍ਰਨੀਤ ਕੌਰ ਨੂੰ ਭਾਜਪਾ ਪਟਿਆਲਾ ਤੋਂ ਮੈਦਾਨ ’ਚ ਉਤਾਰ ਸਕਦੀ ਹੈ।
ਨਿਵੇਸ਼ਕਾਂ ਨੂੰ 13 ਲੱਖ ਕਰੋੜ ਦਾ ਰਗੜਾ
ਮੁੰਬਈ : ਵਿਆਪਕ ਵਿਕਰੀ ਕਾਰਨ ਬੁੱਧਵਾਰ 30 ਸ਼ੇਅਰਾਂ ਵਾਲਾ ਸੈਂਸੈਕਸ 906.07 ਅੰਕ ਜਾਂ 1.23 ਫੀਸਦੀ ਡਿੱਗ ਕੇ 72,761.89 ’ਤੇ ਬੰਦ ਹੋਇਆ। 50 ਸ਼ੇਅਰਾਂ ਵਾਲਾ ਨਿਫਟੀ 338 ਅੰਕ ਜਾਂ 1.51 ਫੀਸਦੀ ਡਿੱਗ ਕੇ 21,997.70 ’ਤੇ ਆ ਗਿਆ। ਭਾਰੀ ਗਿਰਾਵਟ ਕਾਰਨ ਬੀ ਐੱਸ ਈ ਲਿਸਟਿਡ ਕੰਪਨੀਆਂ ਦਾ ਮਾਰਕਿਟ ਕੈਪ 12.67 ਲੱਖ ਕਰੋੜ ਰੁਪਏ ਘਟ ਕੇ 372 ਲੱਖ ਕਰੋੜ ਰੁਪਏ ਹੋ ਗਿਆ। ਯਾਨੀ ਨਿਵੇਸ਼ਕਾਂ ਨੂੰ ਕਰੀਬ 13 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਜੇ 7 ਮਾਰਚ ਤੋਂ 13 ਮਾਰਚ ਤੱਕ ਦਾ ਹਿਸਾਬ ਲਾਇਆ ਜਾਏ ਤਾਂ ਨਿਵੇਸ਼ਕਾਂ ਨੂੰ ਕਰੀਬ 21 ਲੱਖ ਕਰੋੜ ਰੁਪਏ ਦਾ ਰਗੜਾ ਲੱਗ ਚੁੱਕਾ ਹੈ।




