38.9 C
Jalandhar
Saturday, July 2, 2022
spot_img

ਜਥੇਦਾਰ ਤੋਤਾ ਸਿੰਘ ਨਹੀਂ ਰਹੇ, ਮੁੱਖ ਮੰਤਰੀ ਤੇ ਹੋਰਨਾਂ ਵੱਲੋਂ ਦੁੱਖ ਪ੍ਰਗਟ

ਮੁਹਾਲੀ (ਗੁਰਜੀਤ ਬਿੱਲਾ) -ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਖੇਤੀਬਾੜੀ ਤੇ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਨਹੀਂ ਰਹੇ | ਉਹ ਇੱਥੋਂ ਦੇ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਸਨ | ਉਨ੍ਹਾ ਸ਼ਨੀਵਾਰ ਤੜਕੇ ਸਵੇਰੇ ਕਰੀਬ 4.40 ਵਜੇ ਆਖਰੀ ਸਾਹ ਲਿਆ ਅਤੇ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ | ਅਕਾਲੀ ਦਲ ‘ਚ ਥੰਮ੍ਹ ਵਜੋਂ ਜਾਣੇ ਜਾਂਦੇ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ ਨਾਲ ਸ਼ੋ੍ਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਪਿਆ ਹੈ |
ਜਥੇਦਾਰ ਦੀ ਨੂੰ ਹ ਬੀਬੀ ਤੇਜਿੰਦਰ ਕੌਰ ਨੇ ਦੱਸਿਆ ਕਿ ਜਥੇਦਾਰ ਜੀ ਪਿਛਲੇ ਕਈ ਦਿਨਾਂ ਤੋਂ ਫੇਫੜਿਆਂ ਦੀ ਲਾਗ ਤੋਂ ਪੀੜਤ ਸਨ, ਪਰ ਸਿਰੜੀ ਹੋਣ ਕਰਕੇ ਉਹ ਇਸ ਬਿਮਾਰੀ ਤੋਂ ਉੱਭਰ ਆਏ ਸਨ, ਪਰ ਬੀਤੇ ਦਿਨ ਦੁਬਾਰਾ ਸਮੱਸਿਆ ਹੋਣ ‘ਤੇ ਉਨ੍ਹਾ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰ ਸ਼ਨੀਵਾਰ ਤੜਕਸਾਰ ਉਨ੍ਹਾ ਦੀ ਮੌਤ ਹੋ ਗਈ | ਇਸ ਘਟਨਾ ਦਾ ਪਤਾ ਲੱਗਦਿਆਂ ਹੀ ਜਥੇਦਾਰ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਮੋਗਾ ਤੋਂ ਮੁਹਾਲੀ ਲਈ ਰਵਾਨਾ ਹੋ ਗਏ | ਪੀ ਏ ਗੁਰਜੰਟ ਸਿੰਘ ਰਾਮੂੰਵਾਲਾ ਨੇ ਦੱਸਿਆ ਕਿ ਜਥੇਦਾਰ ਜੀ ਦਾ ਅੰਤਮ ਸੰਸਕਾਰ ਉਨ੍ਹਾ ਦੇ ਛੋਟੇ ਬੇਟੇ ਅਤੇ ਬੇਟੀ ਦੇ ਵਿਦੇਸ਼ ਤੋਂ ਪਰਤਣ ‘ਤੇ ਕੀਤਾ ਜਾਵੇਗਾ |
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ |
ਤੋਤਾ ਸਿੰਘ ਪੰਜਾਬ ਦੇ ਇੱਕ ਸੀਨੀਅਰ ਰਾਜ ਨੇਤਾ ਸਨ, ਜਿਨ੍ਹਾ ਆਪਣੇ ਰਾਜਨੀਤਕ ਕੈਰੀਅਰ ਦੀ ਸ਼ੁਰੂਆਤ 1960 ਤੋਂ ਕੀਤੀ | 1960 ‘ਚ ਉਨ੍ਹ ਆਪਣੇ ਜੱਦੀ ਪਿੰਡ ਦੀਦਾਰ ਸਿੰਘ ਵਾਲਾ ਦੇ ਸਰਪੰਚ ਦੀ ਚੋਣ ਲੜੀ ਅਤੇ ਜਿੱਤ ਗਏ | 1969 ‘ਚ ਉਹ ਫਿਰੋਜ਼ਪੁਰ ‘ਚ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਗਏ | 17 ਸਾਲ ਤੱਕ ਉਨ੍ਹਾ ਜ਼ਿਲ੍ਹਾ ਪ੍ਰਧਾਨ ਦਾ ਕੰਮ ਸੰਭਾਲਿਆ | 1978 ‘ਚ ਉਨ੍ਹਾ ਨੂੰ ਅਕਾਲੀ ਦਲ ਦੀ ਕੇਂਦਰੀ ਕਮੇਟੀ ਦੇ ਮੈਂਬਰ ਦੇ ਰੂਪ ‘ਚ ਚੁਣਿਆ ਗਿਆ | ਇਸ ਤੋਂ ਬਾਅਦ ਉਹ ਹਮੇਸ਼ਾ ਮੁੱਖ ਨੇਤਾਵਾਂ ਦੀ ਸੂਚੀ ‘ਚ ਹੀ ਰਹੇ | 1979 ‘ਚ ਉਹ ਐੱਸ ਜੀ ਪੀ ਸੀ ਦੇ ਮੈਂਬਰ ਚੁਣੇ ਗਏ | ਉਨ੍ਹਾ ਨੂੰ ਸਿੱਖਿਆ ਕਮੇਟੀ ਦਾ ਸੀਨੀਅਰ ਉਪ ਪ੍ਰਧਾਨ ਅਤੇ ਪ੍ਰਮੁੱਖ ਬਣਾਇਆ ਗਿਆ | 17 ਸਾਲ ਤੱਕ ਉਹ ਇਸ ਅਹੁਦੇ ‘ਤੇ ਰਹੇ | 1985 ‘ਚ ਜਦ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ ਤਾਂ ਉਨ੍ਹਾ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਬਣਾਇਆ ਗਿਆ | 1989 ‘ਚ ਸੁਰਜੀਤ ਸਿੰਘ ਬਰਨਾਲਾ ਨੂੰ ਤਾਮਿਲਨਾਡੂ ਦਾ ਰਾਜਪਾਲ ਬਣਾਇਆ ਗਿਆ ਤਾਂ ਤੋਤਾ ਸਿੰਘ ਨੂੰ ਦੋ ਸਾਲ ਤੋਂ ਜ਼ਿਆਦਾ ਸਮੇਂ ਤੱਕ ਸੂਬੇ ‘ਚ ਪਾਰਟੀ ਦੀ ਕਮਾਂਡ ਸੌਂਪੀ ਗਈ | 1992 ‘ਚ ਅਕਾਲੀ ਨੇ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ | ਤੋਤਾ ਸਿੰਘ ਪ੍ਰਮੁੱਖ ਵਿਅਕਤੀ ਸਨ, ਜਿਨ੍ਹਾ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣਾਂ ਦਾ ਬਾਈਕਾਟ ਕਰਨ ਲਈ ਪ੍ਰੇਰਿਤ ਕੀਤਾ | ਉਹਨਾ 1997 ‘ਚ ਵਿਧਾਇਕ ਲਈ ਚੋਣ ਲੜੀ ਤੇ ਉਨ੍ਹਾ ਜਿੱਤ ਹਾਸਲ ਕੀਤੀ | ਉਨ੍ਹਾ ਨੂੰ ਕੈਬਨਿਟ ‘ਚ ਸ਼ਾਮਲ ਕੀਤਾ ਗਿਆ ਅਤੇ ਉਹ ਸਿੱਖਿਆ ਮੰਤਰੀ ਬਣੇ | 2002 ‘ਚ ਉਹ ਫਿਰ ਰਾਜ ਵਿਧਾਨ ਸਭਾ ਲਈ ਚੁਣੇ ਗਏ, ਪਰ 2007 ‘ਚ ਉਹ ਵਿਧਾਨ ਸਭਾ ਚੋਣ ਹਾਰ ਗਏ | 2012 ‘ਚ ਵੀ ਉਨ੍ਹਾ ਜਿੱਤ ਹਾਸਲ ਕੀਤੀ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗਠਿਤ ਕੈਬਨਿਟ ‘ਚ ਸ਼ਾਮਲ ਹੋਏ | ਉਨ੍ਹਾ ਨੂੰ ਖੇਤੀ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ | ਤੋਤਾ ਸਿੰਘ ਨੇ 5 ਮਈ 2012 ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਮੰਤਰੀ ਦੇ ਰੂਪ ‘ਚ ਉਹਨਾ ‘ਤੇ ਅਧਿਕਾਰਤ ਮਸ਼ੀਨਰੀ ਦੇ ਦੁਰਉਪਯੋਗ ਦੇ ਦੋਸ਼ ਲੱਗੇ | ਅਦਾਲਤ ਵੱਲੋਂ ਉਨ੍ਹਾ ਨੂੰ ਇੱਕ ਸਾਲ ਦੀ ਜੇਲ੍ਹ ਦੀ ਸਜ਼ਾ ਵੀ ਸੁਣਾਈ ਗਈ |
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਇੱਥੋਂ ਜਾਰੀ ਆਪਣੇ ਸ਼ੋਕ ਸੰਦੇਸ਼ ਵਿੱਚ ਉਹਨਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਜੋ ਆਪਣੇ ਸਵਾਸਾਂ ਦੀ ਪੂੰਜੀ ਭੋਗ ਗੁਰੂ ਚਰਨਾਂ ‘ਚ ਜਾ ਬਿਰਾਜੇ ਹਨ, ਮੈਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹੋਇਆ ਇਸ ਦੁੱਖ ਦੀ ਘੜੀ ‘ਚ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ |
ਉਹਨਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਜ਼ਮੀਨ ਨਾਲ ਜੁੜੇ ਹੋਏ ਇਕ ਲੋਕ ਆਗੂ ਸਨ ਅਤੇ ਉਹਨਾਂ ਵੱਲੋਂ ਧਾਰਮਿਕ ਖੇਤਰ ਅਤੇ ਸਮਾਜ ਸੇਵਾ ਲਈ ਕੀਤੇ ਕਾਰਜਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ | ਸਪੀਕਰ ਨੇ ਕਿਹਾ ਕਿ ਪਰਮਾਤਮਾ ਪਰਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਮੱਰਥਕਾਂ ਨੂੰ ਇਸ ਭਾਣੇ ਨੂੰ ਸਹਿਣ ਕਰਨ ਦਾ ਬਲ ਬਖਸ਼ੇ |
ਕਾਬਿਲੇਗੌਰ ਹੈ ਕਿ ਜਥੇਦਾਰ ਤੋਤਾ ਸਿੰਘ ਖੇਤੀਬਾੜੀ ਮੰਤਰੀ, ਸਿੱਖਿਆ ਮੰਤਰੀ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਰਹੇ ਹਨ |

Related Articles

LEAVE A REPLY

Please enter your comment!
Please enter your name here

Latest Articles