ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕਮੇਟੀ ਦੀ ਵੀਰਵਾਰ ਹੋਈ ਮੀਟਿੰਗ ’ਚ ਪੰਜਾਬ ਤੋਂ ਸਾਬਕਾ ਨੌਕਰਸ਼ਾਹ ਡਾ. ਸੁਖਬੀਰ ਸੰਧੂ ਅਤੇ ਕੇਰਲਾ ਤੋਂ ਗਿਆਨੇਸ਼ ਕੁਮਾਰ ਨੂੰ ਨਵੇਂ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ। ਕਮੇਟੀ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪੈਨਲ ਦੇ ਸਾਹਮਣੇ ਛੇ ਨਾਂਅ ਆਏ ਸਨ। ਉਨ੍ਹਾ ਕਿਹਾਇਸ ਕਮੇਟੀ ’ਚ ਸਰਕਾਰ ਕੋਲ ਬਹੁਮਤ ਹੈ। ਕੇਰਲਾ ਤੋਂ ਗਿਆਨੇਸ਼ ਕੁਮਾਰ ਅਤੇ ਪੰਜਾਬ ਤੋਂ ਸੁਖਬੀਰ ਸੰਧੂ ਨੂੰ ਚੋਣ ਕਮਿਸ਼ਨਰ ਵਜੋਂ ਚੁਣਿਆ ਗਿਆ ਹੈ।
ਚੌਧਰੀ ਨੇ ਕਿਹਾ ਕਿ ਉਨ੍ਹਾ ਨੂੰ 212 ਨਾਵਾਂ ਦੀ ਲਿਸਟ ਬੁੱਧਵਾਰ ਰਾਤ ਦਿੱਤੀ ਗਈ। ਛੇ ਨਾਵਾਂ ਦੀ ਅੰਤਮ ਲਿਸਟ ਸਿਰਫ 10 ਮਿੰਟ ਪਹਿਲਾਂ ਦਿੱਤੀ ਗਈ। ਸੋਚਿਆ ਜਾ ਸਕਦਾ ਹੈ ਕਿ ਉਹ ਇਨ੍ਹਾਂ ਦੀ ਘੋਖ ਕਿਵੇਂ ਕਰ ਸਕਦੇ ਸਨ। ਸਭ ਕੁਝ ਪਹਿਲਾਂ ਹੀ ਤੈਅ ਸੀ। 1963 ਵਿਚ ਪੈਦਾ ਹੋਏ ਡਾ. ਸੰਧੂ 1998 ਬੈਚ ਦੇ ਆਈ ਏ ਐੱਸ ਅਫਸਰ ਸਨ। ਉਹ ਪੁਸ਼ਕਰ ਸਿੰਘ ਧਾਮੀ ਦੇ 2021 ਵਿਚ ਮੁੱਖ ਮੰਤਰੀ ਬਣਨ ਸਮੇਂ ਉੱਤਰਾਖੰਡ ਦੇ ਮੁੱਖ ਸਕੱਤਰ ਰਹੇ। ਉਹ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਵੀ ਰਹੇ। ਉਨ੍ਹਾ ਗੌਰਮਿੰਟ ਕਾਲਜ ਅੰਮਿ੍ਰਤਸਰ ਤੋਂ ਐੱਮ ਬੀ ਬੀ ਐੱਸ ਕੀਤੀ। ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਿਸਟਰੀ ਦੀ ਐੱਮ ਏ ਵੀ ਕੀਤੀ। ਉਨ੍ਹਾ ਕੋਲ ਲਾਅ ਦੀ ਡਿਗਰੀ ਵੀ ਹੈ। ਉਨ੍ਹਾ ਨੂੰ ਨਗਰ ਨਿਗਮ ਲੁਧਿਆਣਾ ਦਾ ਕਮਿਸ਼ਨਰ ਹੁੰਦਿਆਂ ਰਾਸ਼ਟਰਪਤੀ ਮੈਡਲ ਮਿਲਿਆ ਸੀ।
60 ਸਾਲਾ ਗਿਆਨੇਸ਼ ਕੁਮਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਹਿਕਮਿਆਂ ਵਿਚ ਕੰਮ ਕੀਤਾ ਹੈ। ਉਹ ਸਹਿਕਾਰਤਾ ਮੰਤਰਾਲੇ ਦੇ ਸਕੱਤਰ ਵਜੋਂ ਲੰਘੀ 31 ਜਨਵਰੀ ਨੂੰ ਰਿਟਾਇਰ ਹੋਏ ਸਨ। ਉਨ੍ਹਾ ਗ੍ਰਹਿ ਮੰਤਰਾਲੇ ਵਿਚ ਜਾਇੰਟ ਸਕੱਤਰ ਹੁੰਦਿਆਂ ਧਾਰਾ 370 ਖਤਮ ਕਰਨ ਦਾ ਮਾਮਲਾ ਦੇਖਿਆ। 2020 ਵਿਚ ਉਹ ਗ੍ਰਹਿ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਬਣੇ ਅਤੇ ਅਯੁੱਧਿਆ ਮੰਦਰ ਬਣਾਉਣ ਲਈ ਟਰੱਸਟ ਦੀ ਕਾਇਮੀ ਸਣੇ ਅਯੁੱਧਿਆ ਮੁੱਦੇ ਨਾਲ ਸੰਬੰਧਤ ਸਾਰੇ ਮਾਮਲੇ ਦੇਖੇ। 27 ਜਨਵਰੀ 1964 ਨੂੰ ਯੂ ਪੀ ਵਿਚ ਪੈਦਾ ਹੋਏ ਗਿਆਨੇਸ਼ ਨੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਕਾਨਪੁਰ ਤੋਂ ਸਿਵਲ ਇੰਜੀਨੀਅਰਿੰਗ ਵਿਚ ਬੀ ਟੈੱਕ ਕੀਤੀ। ਉਨ੍ਹਾ ਹਾਵਰਡ (ਅਮਰੀਕਾ) ਤੋਂ ਇਕਨਾਮਿਕਸ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ। ਗਿਆਨੇਸ਼ ਦੇ ਪਿਤਾ ਡਾਕਟਰ ਸਨ ਤੇ ਦਾਦਾ ਆਜ਼ਾਦੀ ਘੁਲਾਟੀਏ।