ਕਪੂਰਥਲਾ
(ਬਲਵਿੰਦਰ ਸਿੰਘ ਧਾਲੀਵਾਲ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ’ਚ ਸਾਬਕਾ ਐੱਸ ਜੀ ਪੀ ਸੀ ਪ੍ਰਧਾਨ ਬੀਬੀ ਜਗੀਰ ਕੌਰ ਵੀਰਵਾਰ ਮੁੜ ਅਕਾਲੀ ਦਲ ’ਚ ਸ਼ਾਮਲ ਹੋ ਗਈ। ਦਲ ’ਚ ਸ਼ਮੂਲੀਅਤ ਮਗਰੋਂ ਉਨ੍ਹਾ ਕਿਹਾਮੈਂ ਅਕਾਲੀ ਸੀ, ਅਕਾਲੀ ਹਾਂ ਤੇ ਅਕਾਲੀ ਰਹਾਂਗੀ। ਬੀਬੀ ਜਗੀਰ ਕੌਰ ਨੂੰ 15 ਮਹੀਨੇ ਪਹਿਲਾਂ ਪਾਰਟੀ ਵਿਰੋਧੀ ਕਾਰਵਾਈਆਂ ਦਾ ਦੋਸ਼ ਲਗਾ ਕੇ ਦਲ ’ਚੋਂ ਬਾਹਰ ਕਰ ਦਿੱਤਾ ਗਿਆ ਸੀ। ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ ਤੇ ਹੋਰ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਚ ਸ਼ਾਮਲ ਕਰਾਉਣ ਲਈ ਬੇਗੋਵਾਲ ਪੁੱਜੇ।
ਸਾਬਕਾ ਅਕਾਲੀ ਮੰਤਰੀ ਜਗੀਰ ਕੌਰ ਸਾਲ 1999, 2004 ਅਤੇ 2020 ’ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਪਾਰਟੀ ਦੇ ਸਾਰੇ ਵਰਕਰ ਇਕੱਠੇ ਹੋ ਰਹੇ ਹਨ, ਜਿਸ ਦੀ ਇਹ ਕੜੀ ਹੈ।
ਪਾਰਟੀ ਦੀ ਮਜ਼ਬੂਤੀ ਲਈ ਬੀਬੀ ਜਗੀਰ ਕੌਰ ਵੀ ਪਾਰਟੀ ਦੇ ਨਾਲ ਹਨ। ਬਾਦਲ ਨੇ ਭਾਜਪਾ ਨਾਲ ਗਠਜੋੜ ਨੂੰ ਲੈ ਕੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਹਿੱਤ ਲਈ ਜੋ ਵੀ ਪਾਰਟੀ ਹੋਵੇ, ਉਹ ਉਸ ਨਾਲ ਗੱਲਬਾਤ ਕਰ ਰਹੇ ਹਨ, ਫਿਲਹਾਲ ਉਹ 13 ਸੀਟਾਂ ’ਤੇ ਚੋਣ ਰਣਨੀਤੀ ਬਣਾ ਰਹੇ ਹਨ। ਉਹਨਾ ਸੀ ਏ ਏ ਦਾ ਸਮਰਥਨ ਕਰਦਿਆਂ ‘ਆਪ’ ਦੇ ਵਿਰੋਧ ਨੂੰ ਸਿਆਸੀ ਸਟੰਟ ਕਰਾਰ ਦਿੱਤਾ।