ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪਰਮਜੀਤ ਸਿੰਘ, ਪੂਜਾ)
ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਨੀਵਾਰ ਇੱਥੇ ਸਥਾਨਕ ਪ੍ਰੇਮ ਭਵਨ ਵਿਖੇ ਦੁਨੀਆ ਦੇ ਮਹਾਨ ਫਿਲਾਸਫਰ ਕਾਰਲ ਮਾਰਕਸ ਦੀ 141ਵੀਂ ਬਰਸੀ ਮੌਕੇ ਸਿਧਾਂਤਕ ਕੈਂਪ ਕਰਵਾਇਆ ਗਿਆ। ਇਸ ਸਿਧਾਂਤਕ ਕੈਂਪ ਵਿੱਚ ਵੱਖ-ਵੱਖ ਪਿੰਡਾਂ, ਬਲਾਕਾਂ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਕੈਂਪ ਦੀ ਪ੍ਰਧਾਨਗੀ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ਼ਾ ਪ੍ਰਧਾਨ ਜਗਵਿੰਦਰ ਸਿੰਘ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਕੀਤੀ। ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸੂਬਾ ਮੀਤ ਮੀਤ ਪ੍ਰਧਾਨ ਸੁਖਵਿੰਦਰ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।ਇਸ ਸਿਧਾਂਤਕ ਕੈਂਪ ਨੂੰ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ। ਜਗਰੂਪ ਸਿੰਘ ਨੇ ਕਿਹਾ ਕਿ ਕਾਰਲ ਮਾਰਕਸ ਦਾ ਨਾਂਅ ਦੁਨੀਆ ਦੇ ਚੋਟੀ ਦੇ ਫਿਲਾਸਫਰਾਂ ਅਤੇ ਮਹਾਨ ਮਨੁੱਖਾਂ ਵਿੱਚੋਂ ਪਹਿਲੇ ਨੰਬਰ ’ਤੇ ਹੈ, ਜਿਸ ਨੇ ਕਿਰਤੀ ਜਮਾਤ ਦੀ ਬੰਦ-ਖਲਾਸੀ ਦਾ ਵਿਗਿਆਨਕ ਢੰਗ ਤਲਾਸ਼ ਕੇ ਦਿੱਤਾ ਹੈ। 19ਵੀਂ ਸਦੀ ਤੋਂ ਅੱਜ 21ਵੀਂ ਸਦੀ ਦੇ ਤੀਜੇ ਦਹਾਕੇ ਤੱਕ ਵੀ ਕਾਰਲ ਮਾਰਕਸ ਦੇ ਹਾਣ ਦਾ ਕੋਈ ਮਨੁੱਖ ਨਹੀਂ, ਜਿਸ ਨੇ ਉਸ ਦੇ ਮੁਕਾਬਲੇ ਸਮਾਜਿਕ-ਆਰਥਿਕ ਅਤੇ ਰਾਜਨੀਤਕ ਸਿਧਾਂਤਾਂ ਦੀ ਖੋਜ ਕਰਕੇ ਲੁਕਾਈ ਦੇ ਹਿੱਤਾਂ ਲਈ ਵਰਤਿਆ ਹੋਵੇ। ਉਨ੍ਹਾ ਕਿਹਾ ਕਿ ਅਜੋਕੇ ਦੌਰ ਵਿੱਚ ਜਿਸ ਤਰ੍ਹਾਂ ਸਰਮਾਏਦਾਰੀ ਪ੍ਰਬੰਧ ਆਪਣੇ ਪੈਰ ਪਸਾਰ ਕੇ ਆਮ ਲੋਕਾਂ ਦੇ ਹੱਕਾਂ ’ਤੇ ਡਾਕੇ ਮਾਰ ਰਿਹਾ ਹੈ ਤਾਂ ਅਜਿਹੇ ਸਮੇਂ ਵਿੱਚ ਕਾਰਲ ਮਾਰਕਸ ਦੇ ਵਿਗਿਆਨਕ ਸਿਧਾਂਤ ਲੋਕਾਂ ਦੀ ਅਗਵਾਈ ਕਰਦੇ ਹਨ, ਜਿਨ੍ਹਾਂ ਦੀ ਮਦਦ ਨਾਲ ਅੱਜ ਵੀ ਲੋਕਾਂ ਦੀ ਬੰਦਖਲਾਸੀ ਕੀਤੀ ਜਾ ਸਕਦੀ ਹੈ।ਚਰਨਜੀਤ ਸਿੰਘ ਛਾਂਗਾ ਰਾਏ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਅਸੀਂ ਕਾਰਲ ਮਾਰਕਸ ਦੀ ਬਰਸੀ ’ਤੇ ਜੁੜੇ ਹਾਂ ਤਾਂ ਇੱਕ ਪਾਸੇ ਦੇਸ਼ ਦੀ ਜਵਾਨੀ ਸੈਂਕੜੇ ਮੁਸ਼ਕਲਾਂ ਨਾਲ ਜੂਝ ਰਹੀ ਹੈ ਤਾਂ ਉਸ ਸਮੇਂ ਸਾਨੂੰ ਕਾਰਲ ਮਾਰਕਸ ਦੇ ਦਿਖਾਏ ਰਾਹ ’ਤੇ ਚੱਲ ਕੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੰਘਰਸ਼ ਤੇਜ਼ ਕਰਨਾ ਪਵੇਗਾ। ਉਹਨਾ ਕਿਹਾ ਕਿ ਦੇਸ਼ ਦੀ ਜਵਾਨੀ ਅਤੇ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਸਰਬ ਭਾਰਤ ਨੌਜਵਾਨ ਸਭਾ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਵੱਲੋਂ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਪ੍ਰਾਪਤੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਅਨੁਸਾਰ ਹਰ ਇੱਕ ਨੂੰ ਜਿਹੜਾ ਚਾਹੁੰਦਾ ਹੈ 18 ਤੋਂ 58 ਸਾਲ ਦੇ ਔਰਤ-ਮਰਦ ਨੂੰ ਉਹਦੀ ਯੋਗਤਾ ਮੁਤਾਬਕ ਰੁਜ਼ਗਾਰ ਦੇਣ ਦੀ ਗਰੰਟੀ ਹੋਵੇ। ਬਨੇਗਾ ਕਾਨੂੰਨ ਦੀ ਪ੍ਰਾਪਤੀ ਲਈ 23 ਮਾਰਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦੀ ਸ਼ਹੀਦੀ ਸਮਾਰਕ ਹੁਸੈਨੀਵਾਲਾ (ਫਿਰੋਜ਼ਪੁਰ) ਵਿਖੇ ਵਿਸ਼ਾਲ ਸ਼ਰਧਾਂਜਲੀ ਸਮਾਗਮ ਕੀਤਾ ਜਾਵੇਗਾ, ਜਿਸ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਮੇਤ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ’ਚ ਨੌਜਵਾਨ, ਵਿਦਿਆਰਥੀ ਭਗਤ ਸਿੰਘ ਦੀ ਫੋਟੋ ਵਾਲੀਆਂ ਬਨੇਗਾ ਦੀਆਂ ਟੀ ਸ਼ਰਟਾਂ ਪਹਿਨ ਕੇ ਸ਼ਮੂਲੀਅਤ ਕਰਨਗੇ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ 21 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਗੁਰਭੇਜ ਸਿੰਘ ਕੋਟਲੀ ਸੰਘਰ ਨੂੰ ਜ਼ਿਲ੍ਹਾ ਕਨਵੀਨਰ ਚੁਣਿਆ ਗਿਆ।ਇਸ ਸਿਧਾਂਤਕ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਕੋਟਲੀ ਸੰਘਰ, ਸੁਖਦੇਵ ਸਿੰਘ ਸੰਗੂਧੌਣ, ਚਰਨਜੀਤ ਸਿੰਘ ਦੋਦਾ, ਜਗਪ੍ਰੀਤ ਸਿੰਘ, ਪ੍ਰਗਟ ਸਿੰਘ ਸੁਖਨਾ, ਅਰਵਿੰਦਰ ਸਿੰਘ, ਗੁਰਜੰਟ ਸਿੰਘ, ਮਹਾਰਾਜਾ ਗੁਰਜੋਤ ਸਿੰਘ ਸ਼ੇਰਾਂਵਾਲਾ, ਰੇਸ਼ਮ ਕੌਰ ਚੰਨੂ, ਰਮਨਪ੍ਰੀਤ ਕੌਰ ਬਾਮਾ, ਬਲਾਕਾਂ ਦੇ ਨੌਜਵਾਨ ਅਤੇ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।