ਦੂਜੀਆਂ ਪਾਰਟੀਆਂ ਵਿਚ ਸੰਨ੍ਹ ਲਾਉਣ ਵਾਲੀ ਭਾਜਪਾ ਦੀ ਆਪਣੀ ਅੰਦਰੂਨੀ ਹਾਲਤ ਕਾਫੀ ਖਰਾਬ ਚੱਲ ਰਹੀ ਹੈ | ਤਾਜ਼ਾ ਖਬਰ ਕਰਨਾਟਕ ਤੋਂ ਹੈ, ਜਿੱਥੇ ਸਾਬਕਾ ਪ੍ਰਧਾਨ ਕੇ ਐੱਸ ਐਸ਼ਵਾਰੱਪਾ ਨੇ ਕਿਹਾ ਹੈ ਕਿ ਉਸ ਦੇ ਹਮਾਇਤੀ ਦਬਾਅ ਪਾ ਰਹੇ ਹਨ ਕਿ ਉਹ ਸ਼ਿਮੋਗਾ ਲੋਕ ਸਭਾ ਹਲਕੇ ਵਿਚ ਸਾਬਕਾ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਦੇ ਬੇਟੇ ਬੀ ਵਾਈ ਰਾਘਵੇਂਦਰਾ ਦੇ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ | ਕਰਨਾਟਕ ਵਿਚ ਭਾਜਪਾ ਦੇ ਓ ਬੀ ਸੀ ਚਿਹਰੇ ਐਸ਼ਵਾਰੱਪਾ ਨੇ ਹਵੇਰੀ ਲੋਕ ਸਭਾ ਸੀਟ ਆਪਣੇ ਬੇਟੇ ਕੇ ਈ ਕੰਤੇਸ਼ ਲਈ ਮੰਗੀ ਸੀ, ਪਰ ਪਾਰਟੀ ਨੇ ਉੱਥੋਂ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਖੜ੍ਹਾ ਕਰ ਦਿੱਤਾ ਹੈ, ਜੋ ਕਿ ਪਹਿਲਾਂ ਹੀ ਵਿਧਾਇਕ ਹਨ | ਐਸ਼ਵਰੱਪਾ ਦਾ ਦੋਸ਼ ਹੈ ਕਿ ਲਿੰਗਾਯਤ ਬਾਹੂਬਲੀ ਯੇਦੀਯੁਰੱਪਾ ਨੇ ਹਵੇਰੀ ਸੀਟ ਤੋਂ ਕੰਤੇਸ਼ ਨੂੰ ਲੜਾਉਣ ਦਾ ਵਾਅਦਾ ਕਰਨ ਤੋਂ ਬਾਅਦ ਉਨ੍ਹਾ ਨਾਲ ਧੋਖਾ ਕੀਤਾ | ਯੇਦੀਯੁਰੱਪਾ ਨੇ ਨਾ ਸਿਰਫ ਕੰਤੇਸ਼ ਨੂੰ ਟਿਕਟ ਦਿਵਾਉਣ ਦਾ ਵਾਅਦਾ ਕੀਤਾ ਸੀ, ਸਗੋਂ ਉਸ ਦੀ ਜਿੱਤ ਵੀ ਯਕੀਨੀ ਬਣਾਉਣ ਦੀ ਗੱਲ ਕਹੀ ਸੀ | ਭਾਜਪਾ ਵੱਲੋਂ 28 ਵਿੱਚੋਂ 20 ਸੀਟਾਂ ਦੇ ਐਲਾਨ ਤੋਂ ਬਾਅਦ ਐਸ਼ਵਾਰੱਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਕੋਈ ਉਨ੍ਹਾ ਨੂੰ ਫੋਨ ਕਰਕੇ ਕਹਿ ਰਿਹਾ ਹੈ ਕਿ ਪਾਰਟੀ ਨੂੰ ਬਚਾਉਣ ਲਈ ਉਹ ਆਜ਼ਾਦ ਚੋਣ ਲੜਨ | ਉਹ ਕਹਿ ਰਹੇ ਹਨ ਕਿ ਸੂਬੇ ਵਿਚ ਪਾਰਟੀ ਇਕ ਪਰਵਾਰ ਦੇ ਹੱਥਾਂ ਵਿਚ ਹੈ | ਯੇਦੀਯੁਰੱਪਾ ਤੇ ਉਨ੍ਹਾ ਦੇ ਪੁੱਤਰ ਹੀ ਪਾਰਟੀ ਚਲਾ ਰਹੇ ਹਨ | ਹਮਾਇਤੀ ਕਹਿ ਰਹੇ ਹਨ ਕਿ ਉਹ ਆਜ਼ਾਦ ਲੜ ਕੇ ਜਿੱਤਣਗੇ, ਤਾਂ ਹੀ ਹਾਈਕਮਾਨ ਨੂੰ ਪਤਾ ਲੱਗੇਗਾ ਕਿ ਸਮਰਪਤ ਪਾਰਟੀ ਵਰਕਰ ਨੂੰ ਆਜ਼ਾਦ ਲੜਨ ਲਈ ਕਿਉਂ ਮਜਬੂਰ ਹੋਣਾ ਪਿਆ | ਐਸ਼ਵਾਰੱਪਾ ਪੱਛੜੀ ਜਾਤੀ ਕੁਰੁਬਾ (ਚਰਵਾਹੇ) ਨਾਲ ਸੰਬੰਧ ਰੱਖਦੇ ਹਨ | ਐਸ਼ਵਰੱਪਾ ਦੁਖੀ ਇਸ ਕਰਕੇ ਹਨ ਕਿ ਯੇਦੀਯੁਰੱਪਾ ਆਪਣੇ ਬੇਟੇ ਰਾਘਵੇਂਦਰਾ ਤੋਂ ਇਲਾਵਾ ਕੇਂਦਰੀ ਮੰਤਰੀ ਸ਼ੋਭਾ ਕਰੰਦਲਜੇ ਸਣੇ ਹੋਰਨਾਂ ਵਫਾਦਾਰਾਂ ਨੂੰ ਟਿਕਟਾਂ ਦਿਵਾਉਣ ਵਿਚ ਕਾਮਯਾਬ ਰਹੇ ਹਨ | ਕਰਨਾਟਕ ਅਸੰਬਲੀ ਚੋਣਾਂ ਵਿਚ ਭਾਜਪਾ ਸੱਤਾ ਤੋਂ ਬਾਹਰ ਹੋ ਚੁੱਕੀ ਹੈ ਅਤੇ 370 ਸੀਟਾਂ ਜਿੱਤਣ ਦਾ ਮੋਦੀ ਦਾ ਟੀਚਾ ਦੱਖਣੀ ਰਾਜਾਂ ਵਿਚ ਚੰਗੀ ਕਾਰਗੁਜ਼ਾਰੀ ‘ਤੇ ਹੀ ਨਿਰਭਰ ਕਰੇਗਾ | ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਕਰਨਾਟਕ ਦੀਆਂ 28 ਵਿੱਚੋਂ 25 ਸੀਟਾਂ ਜਿੱਤੀਆਂ ਸਨ | ਹੁਣ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੈ ਅਤੇ ਜਿਸ ਤਰ੍ਹਾਂ ਐਸ਼ਵਾਰੱਪਾ ਵਰਗੇ ਪੁਰਾਣੇ ਆਗੂ ਤੇਵਰ ਦਿਖਾ ਰਹੇ ਹਨ, ਉਸ ਨਾਲ ਭਾਜਪਾ ਨੂੰ ਕਰਨਾਟਕ ਵਿਚ ਤਕੜਾ ਝਟਕਾ ਲੱਗ ਸਕਦਾ ਹੈ |



