ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਅੰਦਰ ਲੱਗਣ ਵਾਲੇ ਮੇਲੇ ਸੰਬੰਧੀ ਬਣੀ ਮੇਲਾ ਤਿਆਰੀ ਕਮੇਟੀ ਦੀ ਮੁਢਲੀ ਪਾਲ਼ ’ਚ ਸ਼ੁਮਾਰ ਰਹੇ ਐਡਵੋਕੇਟ ਬਲਬੀਰ ਸਿੰਘ ਬਾਸੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾ ਦੇ ਸਦੀਵੀ ਵਿਛੋੜੇ ’ਤੇ ਉਨ੍ਹਾ ਨੂੰ ਦੇਸ਼ ਭਗਤ ਯਾਦਗਾਰ ਹਾਲ ’ਚ ਸ਼ਰਧਾਂਜਲੀ ਭੇਟ ਕੀਤੀ ਗਈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਤੇ ਰਣਜੀਤ ਸਿੰਘ ਔਲਖ ਨੇ ਕਿਹਾ ਕਿ ਨੌਨਿਹਾਲ ਸਿੰਘ ਦੇ ਬੋਲਾਂ ਨੇ ਤਿੰਨ ਦਹਾਕੇ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਅੰਦਰ ਖੇਡਦੀ ਜੁਆਨੀ ਨੂੰ ਐਸੀ ਚੁੂੰਢੀ ਵੱਢੀ, ਜਿਸ ਨੇ ਗ਼ਦਰੀ ਬਾਬਿਆਂ ਦੇ ਮੇਲੇ ਨੂੰ ਜਨਮ ਦਿੱਤਾ। ਨੌਨਿਹਾਲ ਸਿੰਘ ਨੇ ਕਿਹਾ ਕਿ ਨੌਜਵਾਨੋ! ਖੇਡ ਵੀ ਜ਼ਰੂਰ ਲਿਆ ਕਰੋ, ਪਰ ਦੇਸ਼ ਭਗਤ ਯਾਦਗਾਰ ਹਾਲ ਅੰਦਰ ਜਿਨ੍ਹਾਂ ਦੇਸ਼ ਭਗਤਾਂ ਦੀਆਂ ਤਸਵੀਰਾਂ ਲੱਗੀਆਂ, ਉਹ ਆਜ਼ਾਦੀ ਬਰਾਬਰੀ ਲਈ ਜਾਨਾਂ ’ਤੇ ਖੇਡ ਗਏ, ਉਹਨਾਂ ਨੂੰ ਵੀ ਕਦੇ ਯਾਦ ਕਰ ਲ਼ਿਆ ਕਰੋ।
ਇਹ ਨਸੀਹਤ ਨੌਜਵਾਨਾਂ ਦੇ ਕਲੇਜੇ ਵੱਜੇ ਤੀਰ ਵਾਂਗ ਖੁੱਭ ਗਈ।
ਇਉ ਨੌਜਵਾਨਾਂ ਦੀ ਟੀਮ ਨੇ ਸਿਰ ਜੋੜਿਆ, ਬਾਬਿਆਂ ਦਿੱਤਾ ਥਾਪੜਾ। ਇਉ ਮੇਲੇ ਦਾ ਹੋਇਆ ਆਗਾਜ਼। ਬਸ ਫਿਰ ਚੱਲ ਸੋ ਚੱਲ ਅੱਜ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ, ਮੇਲਾ ਗ਼ਦਰੀ ਬਾਬਿਆਂ ਦਾ।
ਇਸ ਟੀਮ ’ਚ ਸ਼ੁਮਾਰ ਸਨ ਐਡਵੋਕੇਟ ਬਲਬੀਰ ਸਿੰਘ ਬਾਸੀ। ਬਲਬੀਰ ਸਿੰਘ ਇਹਨੀਂ ਦਿਨੀਂ ਆਪਣੇ ਸਪੁੱਤਰ ਕੋਲ਼ ਸੈਕਰਾਮੈਂਟੋ (ਅਮਰੀਕਾ) ਰਹਿੰਦੇ ਸੀ, ਜਿੱਥੇ ਉਹਨਾਂ ਦਾ ਦੇਹਾਂਤ ਹੋ ਗਿਆ।
ਕਮੇਟੀ ਮੈਂਬਰਾਂ ਨੇ ਬਲਬੀਰ ਬਾਸੀ ਦੇ ਪਰਵਾਰ, ਸਾਕ ਸੰਬੰਧੀਆਂ ਅਤੇ ਸੰਗੀ-ਸਾਥੀਆਂ ਨਾਲ਼ ਦੁੱਖ਼ ਸਾਂਝਾ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਗੁਰਮੀਤ ਨੇ ਸ਼ੋਕ ਸੁਨੇਹੇ ਰਾਹੀਂ ਬਲਬੀਰ ਸਿੰਘ ਦੀਆਂ ਯਾਦਾਂ ਸਾਂਝੀਆਂ ਕੀਤੀਆਂ।




