ਮਾਨਸਾ/ਬਰੇਟਾ
(ਆਤਮਾ ਸਿੰਘ ਪਮਾਰ)
ਮੁਜ਼ਾਰਾ ਲਹਿਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 75ਵੀਂ ਸ਼ਹੀਦੀ ਕਾਨਫਰੰਸ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕਿਸ਼ਨਗੜ੍ਹ ਵਿਖੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਈ ਗਈ। ਪਾਰਟੀ ਵੱਲੋਂ ਨਗਰ ਨਿਵਾਸੀਆਂ ਅਤੇ ਪਾਰਟੀ ਵਰਕਰਾਂ ਨੇ ਸ਼ਹੀਦਾਂ ਦੀ ਯਾਦ ਵਿਚ ਝੰਡਾ ਚੜ੍ਹਾ ਕੇ ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਇਨਕਲਾਬੀ ਨਾਹਰਿਆਂ ਦੀ ਗੂੰਜ ਨਾਲ ਸ਼ਰਧਾਂਜਲੀ ਅਰਪਿਤ ਕੀਤੀ। ਕਾਨਫਰੰਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਵਰਤਮਾਨ ਦੌਰ ਵਿੱਚ ਭਾਜਪਾ ਨੂੰ ਹਰਾਉਣਾ ਹੀ ਮੁਜ਼ਾਰਾ ਲਹਿਰ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਕਿਉਕਿ ਲੋਕਤੰਤਰ ਤੇ ਸੰਵਿਧਾਨ ਦੀ ਬਹਾਲੀ ਲਈ ਕਿਸਾਨ, ਮਜ਼ਦੂਰ ਤੇ ਨੌਜਵਾਨ ਵਰਗ ਨੂੰ ਅਹਿਮ ਭੂਮਿਕਾ ਨਿਭਾਉਣੀ ਸਮੇਂ ਦੀ ਅਣਸਰਦੀ ਲੋੜ ਹੈ, ਜਦੋਂਕਿ ਸਮੇਂ ਦੀ ਕੇਂਦਰੀ ਹਾਕਮ ਧਿਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁਚਾਉਣ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪਣ ਦੀ ਨੀਤੀ ਤਹਿਤ ਬਣਾਏ ਤਿੰਨ ਖ਼ੇਤੀ ਵਿਰੋਧੀ ਕਾਨੂੰਨਾਂ ਸਮੇਤ ਕਾਲੇ ਕਾਨੂੰਨ ਬਣਾਏ ਗਏ ਸਨ, ਜਿਸ ਨਾਲ ਲੋਕਤੰਤਰ ਤੇ ਸੰਵਿਧਾਨ ਨੂੰ ਨਜ਼ਰਅੰਦਾਜ਼ ਕਰਕੇ ਲੋਕਾਂ ਨੂੰ ਸਰੇਆਮ ਧੋਖੇ ਵਿਚ ਰੱਖਿਆ ਗਿਆ, ਜਿਸ ਖਿਲਾਫ ਹੋਈ ਲਾਮਬੰਦੀ ਕਰਕੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੁਰਅਮਨ ਤਰੀਕੇ ਨਾਲ ਸੰਘਰਸ਼ ਲੜਿਆ ਗਿਆ। ਇਸ ਦੌਰਾਨ 700 ਤੋ ਜ਼ਿਆਦਾ ਕਿਸਾਨਾਂ-ਮਜ਼ਦੂਰਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਫਿਰ ਕਿਤੇ ਜਾ ਕੇ ਮੋਦੀ ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਪਿਆ ।ਬੇਸ਼ੱਕ ਕਿਸਾਨਾਂ, ਮਜ਼ਦੂਰਾਂ ਸਮੇਤ ਸਾਰੇ ਵਰਗਾਂ ਦੇ ਸਹਿਯੋਗ ਸਦਕਾ ਲੜੇ ਸੰਘਰਸ਼ ਕਾਰਨ ਕਾਨੂੰਨ ਵਾਪਸ ਕਰਾਏ ਗਏ, ਪ੍ਰੰਤੂ ਮੋਦੀ ਸਰਕਾਰ ਅੱਜ ਵੀ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਹਰ ਹੱਥਕੰਡਾ ਵਰਤ ਰਹੀ ਹੈ।
ਅਰਸ਼ੀ ਨੇ ਮੁਜ਼ਾਰਾ ਲਹਿਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਘੱਟ ਨੁਕਸਾਨ ’ਤੇ ਵੱਡੀ ਪ੍ਰਾਪਤੀ ਸੁਹਿਰਦ ਤੇ ਸਿਆਣੀ ਲੀਡਰਸ਼ਿਪ ਕਾਰਨ ਹੀ ਸੰਭਵ ਹੋ ਸਕੀ ਹੈ। ਉਹਨਾ ਮੁਜ਼ਾਰਾ ਲਹਿਰ ਦੀ ਪ੍ਰੇਰਨਾ ਤੇ ਸੇਧ ਅਧਾਰਤ ਬਣੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਨੂੰ ਲਾਗੂ ਕਰਕੇ ਬਹੁਕੌਮੀ ਕੰਪਨੀਆਂ, ਕਾਰਪੋਰੇਟ ਘਰਾਣਿਆਂ ਤੇ ਫਾਸ਼ੀਵਾਦੀ ਤਾਕਤਾਂ ਨੂੰ ਭਾਂਜ ਦੇਣ ਦਾ ਸੱਦਾ ਦਿੱਤਾ।
ਕਾਨਫਰੰਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ, ਬੀ ਕੇ ਯੂ ਡਕੌਂਦਾ ਧਨੇਰ ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋਂ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਨੇ ਮੌਜੂਦਾ ਦੌਰ ਦੌਰਾਨ ਆਰਥਕ, ਸਮਾਜਕ ਤੇ ਰਾਜਸੀ ਸੰਕਟ ਸਮੇਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਕੇ ਤਿੱਖੇ ਸੰਘਰਸ਼ ਦਾ ਸੱਦਾ ਦਿੱਤਾ। ਆਗੂਆਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਕੰਪਨੀਆਂ ਤੋਂ ਭਿ੍ਰਸ਼ਟਾਚਾਰ ਰਾਹੀਂ ਲਏ ਮੋਟੇ ਫੰਡਾਂ ਨੂੰ ਜਨਤਕ ਨਾ ਕਰਨ ਕਰਕੇ ਭਾਜਪਾ ਦਾ ਕਰੂਪ ਅਤੇ ਬੇਈਮਾਨ ਚਿਹਰਾ ਬੇਨਕਾਬ ਹੋਇਆ ਹੈ।
ਇਸ ਮੌਕੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵੱਲੋਂ ਇਨਕਲਾਬੀ ਨਾਟਕ ਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਉਘੇ ਲੋਕ ਗਾਇਕ ਕੁਲਦੀਪ ਲਾਇਲਪੁਰੀ, ਅਜਮੇਰ ਅਕਲੀਆ ਤੇ ਗੁਰਮੇਲ ਗੁਰਨੇ ਨੇ ਇਨਕਲਾਬੀ ਗੀਤ ਪੇਸ਼ ਕਰਕੇ ਲੋਕਾਂ ’ਚ ਜੋਸ਼ ਭਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।ਬੀ ਕੇ ਯੂ ਡਕੌਂਦਾ ਧਨੇਰ ਵੱਲੋਂ ਇਸ ਪ੍ਰੋਗਰਾਮ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਹੋਰਨਾਂ ਤੋਂ ਇਲਾਵਾ ਮਲਕੀਤ ਮੰਦਰਾਂ, ਵੇਦ ਪ੍ਰਕਾਸ਼ ਸਕੱਤਰ ਸਬ-ਡਵੀਜ਼ਨ ਬੁਢਲਾਡਾ, ਇਸਤਰੀ ਸਭਾ ਦੇ ਮਨਜੀਤ ਗਾਮੀਵਾਲਾ, ਹਰਮੀਤ ਬੋੜਾਵਾਲ, ਭੁਪਿੰਦਰ ਗੁਰਨੇ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਫਫੜੇ, ਹਰਕੇਸ਼ ਮੰਡੇਰ, ਮਲਕੀਤ ਬਖਸ਼ੀਵਾਲਾ, ਗੁਰਮੇਲ ਬਰੇਟਾ, ਗੁਰਦਿਆਲ ਦਲੇਲ ਸਿੰਘ ਵਾਲਾ, ਬੀ ਕੇ ਯੂ ਡਕੌਦਾ ਧਨੇਰ ਦੇ ਬਲਵਿੰਦਰ ਸ਼ਰਮਾ ਖਿਆਲਾ, ਤਾਰਾ ਚੰਦ ਬਰੇਟਾ, ਗੁਰਮੇਲ ਜਲਵੇੜਾ, ਸੰਦੀਪ ਤਲਵਾਲਾ, ਪਵਨ ਬੁਢਲਾਡਾ ਤੇ ਗਰੀਬੂ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।




