ਰਹਿੰਦੇ 5 ਉਮੀਦਵਾਰਾਂ ਦਾ ਐਲਾਨ ਪੰਜ ਦਿਨਾਂ ’ਚ : ਮਾਨ

0
173

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਲਈ ਰਹਿੰਦੇ ਪੰਜ ਉਮੀਦਵਾਰਾਂ ਦਾ ਐਲਾਨ ਅਗਲੇ ਪੰਜ ਦਿਨਾਂ ਵਿਚ ਕਰ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਅੱਠ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ।
ਦੋ ਨਵੇਂ ਚੋਣ ਕਮਿਸ਼ਨਰਾਂ ਦੀ ਨਿਯੁਕਤੀ ’ਤੇ ਸਟੇਅ ਨਹੀਂ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦੋ ਨਵੇਂ ਚੋਣ ਕਮਿਸ਼ਨਰਾਂ ਦੀ ਨਿਯੁਕਤੀ ’ਤੇ ਰੋਕ ਲਗਾਉਣ ਦੀ ਅਪੀਲ ਕਰਨ ਵਾਲੀਆਂ ਅਰਜ਼ੀਆਂ ਨੂੰ ਵੀਰਵਾਰ ਰੱਦ ਕਰ ਦਿੱਤਾ। ਉਸ ਨੇ ਕਿਹਾ ਕਿ ਚੋਣ ਅਮਲ ਸ਼ੁਰੂ ਹੋ ਚੁੱਕਾ ਹੈ, ਇਸ ਕਰਕੇ ਖਲਲ ਪਾਉਣਾ ਠੀਕ ਨਹੀਂ ਹੋਵੇਗਾ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਕਿਹਾ ਕਿ ਉਹ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰਾਂ (ਨਿਯੁਕਤੀ, ਸੇਵਾ ਅਤੇ ਹੋਰ ਸ਼ਰਤਾਂ) ਐਕਟ, 2023 ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਮੁੱਖ ਪਟੀਸ਼ਨਾਂ ’ਤੇ ਗੌਰ ਕਰੇਗੀ, ਪਰ ਨਿਯੁਕਤੀ ’ਤੇ ਰੋਕ ਲਈ ਅਰਜ਼ੀਆਂ ਨੂੰ ਰੱਦ ਕੀਤਾ ਜਾਂਦਾ ਹੈ।
ਕੇਂਦਰ ਨੂੰ ਵਟਸਐਪ ਸੰਦੇਸ਼ ਭੇਜਣ ਤੋਂ ਰੋਕਿਆ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਵੀਰਵਾਰ ਕੇਂਦਰ ਨੂੰ ਨਿਰਦੇਸ਼ ਦਿੱਤਾ ਕਿ ਉਹ ‘ਵਿਕਸਤ ਭਾਰਤ’ ਸੰਪਰਕ ਤਹਿਤ ਵੱਡੀ ਗਿਣਤੀ ਵਿਚ ਵਟਸਐਪ ਸੰਦੇਸ਼ ਭੇਜਣਾ ਤੁਰੰਤ ਬੰਦ ਕਰੇ। ਵਿਕਸਤ ਭਾਰਤ ਸੰਪਰਕ ਦਾ ਉਦੇਸ਼ ਸਰਕਾਰ ਦੀਆਂ ਵੱਖ-ਵੱਖ ਪਹਿਲਕਦਮੀਆਂ ਨੂੰ ਉਜਾਗਰ ਕਰਨਾ ਹੈ। ਮਾਮਲੇ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਕਮਿਸ਼ਨ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਇਸ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।
ਭੁਚਾਲ ਦੇ ਝਟਕੇ
ਮੁੰਬਈ : ਮਹਾਰਾਸ਼ਟਰ ਦੇ ਨਾਂਦੇੜ ਅਤੇ ਪਰਭਾਨੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿਚ ਵੀਰਵਾਰ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਸਵੇਰੇ 6.09 ਵਜੇ 4.5 ਤੇ ਇਸ ਤੋਂ ਬਾਅਦ ਸਵੇਰੇ 6.19 ਵਜੇ 3.6 ਦੀ ਸ਼ਿੱਦਤ ਨਾਲ ਝਟਕੇ ਮਹਿਸੂਸ ਕੀਤੇ ਗਏ।

LEAVE A REPLY

Please enter your comment!
Please enter your name here