ਬੀਜਿੰਗ : ਚੀਨ ਨੇ ਵੀਰਵਾਰ ਕਿਹਾ ਕਿ ਉਹ ਅਮਰੀਕਾ ਵੱਲੋਂ ਅਰੁਣਾਚਲ ਪ੍ਰਦੇਸ਼ ਨੂੰ ਭਾਰਤੀ ਖੇਤਰ ਵਜੋਂ ਮਾਨਤਾ ਦੇਣ ਦਾ ਸਖਤ ਵਿਰੋਧ ਕਰਦਾ ਹੈ। ਉਸ ਨੇ ਕਿਹਾ ਕਿ ਭਾਰਤ-ਚੀਨ ਸਰਹੱਦੀ ਵਿਵਾਦ ਨਾਲ ਅਮਰੀਕਾ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੇ ਅਮਰੀਕਾ ’ਤੇ ਆਪਣੇ ਸੁਆਰਥੀ ਹਿੱਤਾਂ ਲਈ ਦੂਜੇ ਦੇਸ਼ਾਂ ਦੇ ਵਿਵਾਦਾਂ ਨੂੰ ਭੜਕਾਉਣ ਅਤੇ ਮਗਰੋਂ ਉਨ੍ਹਾਂ ਨੂੰ ਵਰਤਣ ਦਾ ਦੋਸ਼ ਵੀ ਲਗਾਇਆ। ਅਮਰੀਕਾ ਨੇ ਕਿਹਾ ਸੀ ਕਿ ਉਹ ਅਰੁਣਾਚਲ ਪ੍ਰਦੇਸ਼ ਨੂੰ ਭਾਰਤੀ ਖੇਤਰ ਵਜੋਂ ਮਾਨਤਾ ਦਿੰਦਾ ਹੈ ਅਤੇ ਅਸਲ ਕੰਟਰੋਲ ਰੇਖਾ ਦੇ ਨਾਲ ਖੇਤਰੀ ਦਾਅਵੇ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖਤ ਵਿਰੋਧ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਦੌਰੇ ’ਤੇ ਚੀਨੀ ਫੌਜ ਵੱਲੋਂ ਸੂਬੇ ’ਤੇ ਆਪਣੇ ਦਾਅਵੇ ਨੂੰ ਦੁਹਰਾਉਣ ਤੋਂ ਬਾਅਦ ਅਧਿਕਾਰਤ ਅਮਰੀਕੀ ਬੁਲਾਰੇ ਨੇ ਇਹ ਗੱਲ ਕਹੀ। ਇਸ ਹਫਤੇ ਦੇ ਸ਼ੁਰੂ ’ਚ ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ ਕਿ ਜਿਜਾਂਗ (ਚੀਨ ਦਾ ਤਿੱਬਤ ਦਾ ਨਾਂਅ) ਦਾ ਦੱਖਣੀ ਹਿੱਸਾ ਚੀਨ ਦੇ ਖੇਤਰ ਦਾ ਅੰਦਰੂਨੀ ਹਿੱਸਾ ਹੈ। ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਕਹਿਣ ਵਾਲਾ ਚੀਨ ਭਾਰਤੀ ਨੇਤਾਵਾਂ ਦੇ ਇਸ ਸੂਬੇ ਦੇ ਦੌਰਿਆਂ ਦਾ ਵਿਰੋਧ ਕਰਦਾ ਰਿਹਾ ਹੈ। ਚੀਨ ਨੇ ਇਸ ਖੇਤਰ ਦਾ ਨਾਂਅ ਜਾਂਗਨਾਨ ਵੀ ਰੱਖਿਆ ਹੈ।




