ਚੰਡੀਗੜ੍ਹ, (ਗੁਰਜੀਤ ਬਿੱਲਾ)
ਸੰਗਰੂਰ ਨਕਲੀ ਸ਼ਰਾਬ ਕੇਸ ਪਿੱਛੇ ਕੰਮ ਕਰਦੇ ਸਮੁੱਚੇ ਗਠਜੋੜ ਦਾ ਪਰਦਾ ਫਾਸ਼ ਕਰਨ ਲਈ ਪੰਜਾਬ ਪੁਲਸ ਨੇ ਸ਼ਨੀਵਾਰ ਨੂੰ ਇਸ ਕੇਸ ਵਿੱਚ ਪੇਸ਼ੇਵਰ ਅਤੇ ਵਿਗਿਆਨਕ ਢੰਗ ਨਾਲ ਅਗਲੀਆਂ-ਪਿਛਲੀਆਂ ਕੜੀਆਂ ਦੀ ਵਿਧੀਵਤ ਪੜਤਾਲ ਤੇ ਪੁਣ-ਛਾਣ ਕਰਨ ਦੇ ਮੱਦੇਨਜ਼ਰ ਇੱਕ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦਾ ਗਠਨ ਕੀਤਾ ਹੈ।
ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੀ ਅਗਵਾਈ ਏ ਡੀ ਜੀ ਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਕਰ ਰਹੇ ਹਨ, ਜਦਕਿ ਡੀ ਆਈ ਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ, ਐੱਸ ਐੱਸ ਪੀ ਸੰਗਰੂਰ ਸਰਤਾਜ ਚਾਹਲ ਅਤੇ ਵਧੀਕ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ਇਸ ਦੇ ਮੈਂਬਰ ਹਨ।



