ਅੰਮਿ੍ਤਸਰ/ਝਬਾਲ/ਅਟਾਰੀ (ਜਸਬੀਰ ਸਿੰਘ ਪੱਟੀ, ਹਰਜਿੰਦਰ ਸਿੰਘ ਸੋਨੀ, ਰੌਬਿਨ ਸਿੰਘ ਸੋਨੀ)-ਗਾਇਕ ਸਿੱਧੂ ਮੂਸੇਵਾਲਾ ਦੇ 29 ਮਈ ਨੂੰ ਹੋਏ ਕਤਲ ਦੇ ਮਾਮਲੇ ਲੋੜੀਂਦੇ ਦੋ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪੀਤ ਸਿੰਘ ਉਰਫ ਮਨੂੰ ਕੁੱਸਾ ਬੁੱਧਵਾਰ ਸਰਹੱਦੀ ਖੇਤਰ ਦੇ ਪਿੰਡ ਭਕਨਾ ਵਿਖੇ ਇੱਕ ਫਾਰਮ ਹਾਊਸ ਵਿੱਚ ਮੁਕਾਬਲੇ ਵਿੱਚ ਮਾਰੇ ਗਏ | ਪੁਲਸ ਦਾ ਦਾਅਵਾ ਸੀ ਕਿ ਉਹ ਪਿਛਲੇ ਕਈ ਦਿਨਾਂ ਤੋ ਮਾਝੇ ਦੇ ਇਲਾਕੇ ਵਿੱਚ ਘੁੰਮ ਰਹੇ ਸਨ | ਮੁਕਾਬਲੇ ਵਿੱਚ ਤਿੰਨ ਪੁਲਸ ਵਾਲੇ ਵੀ ਜ਼ਖਮੀ ਹੋਏ ਹਨ | ਇੱਕ ਪੱਤਰਕਾਰ ਵੀ ਜ਼ਖਮੀ ਹੋ ਗਿਆ |
ਪੁਲਸ ਨੂੰ ਸਵੇਰੇ ਹੀ ਗੁਪਤ ਸੂਚਨਾ ਮਿਲੀ ਸੀ ਕਿ ਰੂਪਾ ਤੇ ਕੁੱਸਾ ਗਦਰੀ ਬਾਬਿਆਂ ਦੀ ਧਰਤੀ ਭਕਨਾ ਦੇ ਇਲਾਕੇ ਵਿੱਚ ਵੇਖੇ ਗਏ ਹਨ | ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੀ ਪੁਲਸ ਨੇ ਇਹਨਾਂ ਸ਼ੂਟਰਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਅਖੀਰ ਪੁਲਸ ਦੇ ਘੇਰੇ ਵਿੱਚ ਆਉਣ ਉਪਰੰਤ ਗੈਂਗਸਟਰਾਂ ਨੇ ਇੱਕ ਖਾਲੀ ਫਾਰਮ ਹਾਊਸ ਵਿੱਚ ਪਨਾਹ ਲੈ ਲਈ | ਪੁਲਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਤੇ ਵੱਡੀ ਗਿਣਤੀ ਵਿੱਚ ਲੋਕ ਇਸ ਇਲਾਕੇ ਵਿੱਚ ਮੁਕਾਬਲਾ ਵੇਖਣ ਲਈ ਪੁੱਜਣੇ ਸ਼ੁਰੂ ਹੋ ਗਏ | ਅੱਤਵਾਦ ਦੌਰਾਨ ਵੀ ਇਹ ਇਲਾਕਾ ਕਾਫੀ ਪ੍ਰਭਾਵਤ ਰਿਹਾ ਅਤੇ ਸਭ ਤੋ ਵੱਧ ਮੁਕਾਬਲੇ ਇਸ ਇਲਾਕੇ ਵਿੱਚ ਹੀ ਹੋਏ ਸਨ |
ਭਕਨਾ ਗਦਰੀ ਬਾਬਾ ਸੋਹਨ ਸਿੰਘ ਭਕਨਾ ਦਾ ਜੱਦੀ ਪਿੰਡ ਹੈ, ਜਿਹੜੇ ਸਰੀਰ ਵਿੱਚ ਕੁੱਬ ਪੈਣ ਉਪਰੰਤ ਅਕਸਰ ਕਿਹਾ ਕਰਦੇ ਸਨ ਕਿ ਉਹਨਾ ਗੋਰੇ ਅੰਗਰੇਜ਼ਾਂ ਨਾਲ ਲੜਦਿਆਂ ਆਪਣੇ ਪਿੰਡੇ ‘ਤੇ ਹਰ ਜ਼ੁਲਮ ਝੱਲਿਆ, ਪਰ ਭੂਰੇ ਅੰਗਰੇਜ਼ਾਂ ਦੀ ਕੁੱਟ ਨੇ ਉਹਨਾ ਦਾ ਸਰੀਰ ਕੁੱਟ-ਕੁੱਟ ਕੇ ਕੁੱਬਾ ਕਰ ਦਿੱਤਾ ਹੈ | ਨੌਜਵਾਨਾਂ ਨੂੰ ਉਹ ਹਮੇਸ਼ਾ ਹੀ ਸਮਝਾਉਂਦੇ ਸਨ ਕਿ ਦੇਸ਼ ਨੂੰ ਅਜ਼ਾਦੀ ਬੜੇ ਜਫਰਜਾਲ ਕੇ ਮਿਲੀ ਹੈ ਤੇ ਭੂਰੇ ਅੰਗਰੇਜ਼ਾਂ ਕੋਲੋਂ ਇਸ ਦੀ ਰਾਖੀ ਕਰਨਾ ਉਹਨਾਂ ਦਾ ਫਰਜ਼ ਹੈ | ਹਰ ਪ੍ਰਕਾਰ ਦੇ ਗੈਂਗਸਟਰ ਤੇ ਅੱਤਵਾਦੀ ਕਲਚਰ ਤੋਂ ਉਹ ਨੌਜਵਾਨਾਂ ਨੂੰ ਦੂਰ ਰਹਿਣ ਦੀ ਨਸੀਹਤ ਕਰਦੇ ਸਨ | ਭਕਨਾ ਕਲਾਂ ਤੋਂ ਛੋਟੇ ਭਕਨੇ ਵਾਲੀ ਲਿੰਕ ਰੋਡ, ਜਿਹੜੀ ਅੱਗੇ ਹੁਸ਼ਿਆਰ ਨਗਰ ਤੇ ਹੋਰ ਕਈ ਪਿੰਡਾਂ ਨੂੰ ਜੋੜਦੀ ਹੈ, ਦੇ ਇਕ ਪਾਸੇ ਬਿੱਲੇ ਦੋਧੀ ਦਾ ਫਾਰਮ ਹਾਊਸ ਹੈ, ਜੋ ਅੱਜਕੱਲ੍ਹ ਖਾਲ੍ਹੀ ਪਿਆ ਹੈ, ਕਿਉਂਕਿ ਉਹ ਪਰਵਾਰ ਸਮੇਤ ਭਕਨਾ ਅੱਡੇ ‘ਤੇ ਰਹਿੰਦਾ ਹੈ, ਜਿਥੇ ਉਸ ਨੇ ਕਈ ਦੁਕਾਨਾਂ ਵੀ ਪਾਈਆਂ ਹੋਈਆਂ ਹਨ | ਫਾਰਮ ਹਾਊਸ ਖਾਲੀ ਦਾ ਹੋਣ ਫਾਇਦਾ ਸ਼ਾਇਦ ਉਹ ਪਹਿਲਾਂ ਵੀ ਉਠਾਉਂਦੇ ਰਹਿੰਦੇ ਹੋਣਗੇ | ਪੁਲਸ ਨਾਲ ਮੁਕਾਬਲਾ ਸਵੇਰੇ 11 ਵਜੇ ਸ਼ੁਰੂ ਹੋਇਆ ਤੇ ਦੋਹਾਂ ਪਾਸਿਆਂ ਤੋਂ ਗੋਲੀ ਚਲਦੀ ਰਹੀ | ਪੁਲਸ ਨੇ ਕਈ ਟੀਅਰ ਗੈਸ ਦੇ ਗੋਲੇ ਵੀ ਅੰਦਰ ਸੁੱਟੇ ਤੇ ਕਰੀਬ ਛੇ ਘੰਟੇ ਚੱਲੇ ਇਸ ਮੁਕਾਬਲੇ ਵਿੱਚ ਜਗਰੂਪ ਰੂਪਾ ਤੇ ਮਨੂੰ ਕੁੱਸਾ ਮਾਰੇ ਗਏ | ਕਰੀਬ ਤਿੰਨ ਜ਼ਿਲਿ੍ਹਆਂ ਦੀ ਪੁਲਸ ਮੌਕੇ ਪੁੱਜੀ | ਪੰਜਾਬ ਪੁਲਸ ਦੇ ਡੀ ਜੀ ਪੀ ਗੌਰਵ ਯਾਦਵ ਖੁਦ ਚੰਡੀਗੜ੍ਹ ਤੋਂ ਇਸ ਮੁਕਾਬਲੇ ਨੂੰ ਮੋਨੀਟਰ ਕਰ ਰਹੇ ਸਨ | ਕਿਹਾ ਜਾਂਦਾ ਹੈ ਕਿ ਗੈਂਗਸਟਰਾਂ ਕੋਲ ਏ ਕੇ 47 ਰਾਈਫਲ ਸੀ, ਜਿਸ ਨਾਲ ਉਹਨਾਂ ਗੋਲੀਆ ਚਲਾਈਆਂ | ਦਿੱਲੀ ਪੁਲਸ ਦੇ ਸਪੈਸ਼ਲ ਪੁਲ਼ਸ ਕਮਿਸ਼ਨਰ ਧਾਰੀਵਾਲ ਨੇ ਕਿਹਾ ਸੀ ਕਿ ਉਹਨਾ ਦੀ ਸੂਚਨਾ ਮੁਤਾਬਕ ਸਿੱਧੂ ਮੂਸੇਵਾਲਾ ਨੂੰ ਮਾਰਨ ਵਿੱਚ ਛੇ ਸ਼ੂਟਰ ਸ਼ਾਮਲ ਸਨ, ਜਿਹਨਾਂ ਵਿੱਚੋਂ ਤਿੰਨ ਦਿੱਲੀ ਪੁਲਸ ਨੇ ਗਿ੍ਫਤਾਰ ਕਰ ਲਏ ਹਨ ਤੇ ਬਾਕੀ ਵੀ ਉਹਨਾਂ ਦੇ ਰਾਡਾਰ ‘ਤੇ ਹਨ, ਜਲਦੀ ਹੀ ਉਹ ਵੀ ਫੜ ਲਏ ਜਾਣਗੇ, ਪਰ ਪੁਲਸ ਵੱਲੋ ਦੋ ਸ਼ੂਟਰ ਮਾਰ ਦੇਣ ਨਾਲ ਹੁਣ ਇੱਕ ਸ਼ੂਟਰ ਬਾਕੀ ਰਹਿ ਗਿਆ ਹੈ | ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੇ ਪੁੱਤ ਦੇ ਕਤਲ ਦਾ ਉਸ ਨੂੰ ਇਨਸਾਫ ਦੇਣ ਦੀ ਗੁਹਾਰ ਲਗਾਈ ਸੀ |ਐਂਟੀ ਗਾੈਗਸਟਰ ਟਾਸਕ ਫੋਰਸ ਦੇ ਮੁਖੀ ਏ ਡੀ ਜੀ ਪੀ ਪਰਮੋਦ ਬਾਨ ਨੇ ਦੱਸਿਆ ਕਿ ਦੋ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮੰਨਾ ਉਰਫ ਮਨੂੰ ਕੁੱਸਾ ਮਾਰੇ ਗਏ ਹਨ | ਉਹਨਾਂ ਦੇ ਕਬਜ਼ੇ ਵਿੱਚੋ ਏ ਕੇ 47 ਰਾਈਫਲ ਤੇ ਪਿਸਤੌਲ ਬਰਾਮਦ ਕੀਤਾ ਗਿਆ ਹੈ |
ਮੁਕਾਬਲੇ ਤੋਂ ਬਾਅਦ ਟਾਸਕ ਫੋਰਸ ਦੇ ਮੁਖੀ ਅਤੇ ਪੁਲਸ ਦੇ ਵਧੀਕ ਡਾਇਰੈਕਟਰ ਜਨਰਲ ਪ੍ਰਮੋਦ ਬਾਨ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਗੈਂਗਸਟਰ ਜਗਰੂਪ ਰੂਪਾ ਤੇ ਮਨੂ ਕੁੱਸਾ ਪੁਲਸ ਤੋਂ ਬਚਣ ਲਈ ਪਿੰਡ ਦੀ ਇਕ ਪੁਰਾਣੀ ਇਮਾਰਤ ‘ਚ ਲੁਕੇ ਸਨ | ਗੈਂਗਸਟਰਾਂ ਨੇ ਪਹਿਲਾਂ ਪੁਲਸ ‘ਤੇ ਫਾਇਰਿੰਗ ਕੀਤੀ | ਪੁਲਸ ਨੇ ਗੈਂਗਸਟਰਾਂ ਨੂੰ ਵਾਰ-ਵਾਰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਗੈਂਗਸਟਰਾਂ ਨੇ ਆਤਮ-ਸਮਰਪਣ ਨਹੀਂ ਕੀਤਾ ਤੇ ਪੁਲਸ ਨੇ ਕਈ ਘੰਟੇ ਚੱਲੀ ਮੁੱਠਭੇੜ ‘ਚ ਦੋਵਾਂ ਨੂੰ ਢੇਰ ਕਰ ਦਿੱਤਾ | ਉਨ੍ਹਾਂ ਕਿਹਾ ਕਿ ਮਾਰੇ ਗਏ ਗੈਂਗਸਟਰਾਂ ਤੋਂ ਇਕ ਏ.ਕੇ-47 ਅਤੇ ਇਕ ਪਿਸਤੌਲ ਵੀ ਬਰਾਮਦ ਹੋਇਆ | ਇਸ ਤੋਂ ਇਲਾਵਾ ਇਕ ਬੈਗ ਵੀ ਮਿਲਿਆ ਹੈ, ਜਿਸ ਨੂੰ ਫੋਰੈਂਸਿਕ ਜਾਂਚ ਤੋਂ ਬਾਅਦ ਖੋਲਿ੍ਹਆ ਜਾਵੇਗਾ | ਸਾਡੀ ਫੋਰੈਂਸਿਕ ਜਾਂਚ ਟੀਮ ਘਟਨਾ ਸਥਾਨ ਦਾ ਦੌਰਾ ਕਰੇਗੀ | ਉਨ੍ਹਾ ਕਿਹਾ ਕਿ ਇਸ ਐਨਕਾਊਾਟਰ ਵਿੱਚ ਸ਼ਾਮਲ ਹਰ ਪੁਲਸ ਮੁਲਾਜ਼ਮ ਤੇ ਅਧਿਕਾਰੀ ਦਾ ਸਨਮਾਨ ਕੀਤਾ ਜਾਵੇਗਾ | ਸ਼ੂਟਰਾਂ ਕੋਲ ਏ ਕੇ 47 ਕਿੱਥੋਂ ਆਈ, ਇਸ ਦੀ ਵੀ ਜਾਂਚ ਕੀਤੀ ਜਾਵੇਗੀ |