ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਅਗਵਾਈ ‘ਚ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਸਾਂਸਦਾਂ ਨੇ ਮਹਿੰਗਾਈ ਅਤੇ ਕਈ ਜ਼ਰੂਰੀ ਖਾਣ-ਪੀਣ ਵਾਲੀਆਂ ਵਸਤਾਂ ਨੂੰ ਜੀ ਐੱਸ ਟੀ ਦੇ ਘੇਰੇ ‘ਚ ਲਿਆਉਣ ਦੇ ਵਿਰੋਧ ‘ਚ ਬੁੱਧਵਾਰ ਸੰਸਦ ਭਵਨ ਕੰਪਲੈਕਸ ‘ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨਾ ਦਿੱਤਾ | ਸਾਂਸਦਾਂ ਵਿਚ ਰਾਹੁਲ ਗਾਂਧੀ ਤੋਂ ਇਲਾਵਾ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ, ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਤਿਲੰਗਾਨਾ ਰਾਸ਼ਟਰ ਸਮਿਤੀ ਦੇ ਨਮਾ ਨਾਗੇਸ਼ਵਰ ਰਾਓ ਅਤੇ ਕੇ ਕੇਸ਼ਵ ਰਾਓ, ਨੈਸ਼ਨਲ ਕਾਨਫਰੰਸ ਦੇ ਹਸਨੈਨ ਮਸੂਦੀ, ਆਈ ਯੂ ਐਮ ਐੱਲ ਦੇ ਈ ਟੀ ਮੁਹੰਮਦ ਬਸ਼ੀਰ ਅਤੇ ਕਈ ਹੋਰ ਸ਼ਾਮਲ ਸਨ |
ਮਹਿੰਗਾਈ ਮਾਮਲੇ ‘ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੀ ਕਾਰਵਾਈ ਨਾ ਚੱਲਣ ‘ਤੇ ਭਾਜਪਾ ਨੇ ਕਿਹਾ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ (ਰਾਹੁਲ ਗਾਂਧੀ) ‘ਸਿਆਸੀ ਤੌਰ ਉਤੇ ਫਜ਼ੂਲ’ ਹੋ ਸਕਦੇ ਹਨ, ਪਰ ਉਨ੍ਹਾ ਨੂੰ ਵਿਧਾਨ ਪਾਲਿਕਾ ਦੇ ਕੰਮਕਾਜ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ | ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਸਮਿ੍ਤੀ ਇਰਾਨੀ ਨੇ ਕਿਹਾ ਹੈ ਕਿ ਗਾਂਧੀ ਨੇ ਆਪਣੇ ਸਿਆਸੀ ਕਰੀਅਰ ‘ਚ ਪਹਿਲਾਂ ਵੀ ਸੰਸਦੀ ਕਾਰਵਾਈ ਅਤੇ ਪ੍ਰੰਪਰਾ ਦਾ ਨਿਰਾਦਰ ਕੀਤਾ ਹੈ ਅਤੇ ਹੁਣ ਉਹ ਲੋਕ ਸਭਾ ਦੇ ਕੰਮਕਾਜ ‘ਤੇ ਵੀ ਰੋਕ ਲਗਾਉਣ ‘ਤੇ ਅੜੇ ਹੋਏ ਹਨ | ਲੋਕ ਸਭਾ ਸਕੱਤਰੇਤ ਨੇ ਬਿਆਨ ਵਿਚ ਕਿਹਾ ਹੈ ਕਿ ਪ੍ਰੰਪਰਾ ਮੁਤਾਬਕ ਸਪੀਕਰ ਦੀ ਮਨਜ਼ੂਰੀ ਤੋਂ ਬਿਨਾਂ ਪੈਂਫਲੈੱਟ, ਪਰਚੇ, ਪ੍ਰਸ਼ਨਾਵਲੀ, ਪ੍ਰੈਸ ਨੋਟ, ਸਾਹਿਤ ਜਾਂ ਪਿ੍ੰਟ ਕੀਤੀ ਸਮੱਗਰੀ ਨੂੰ ਸੰਸਦ ਭਵਨ ਕੰਪਲੈਕਸ ਵਿਚ ਨਹੀਂ ਵੰਡਿਆ ਜਾਣਾ ਚਾਹੀਦਾ ਹੈ ਤੇ ਤਖਤੀਆਂ ਵੀ ਨਹੀਂ ਲਿਆਂਦੀਆਂ ਜਾਣੀਆਂ ਚਾਹੀਦੀਆਂ | ਇਹ ਗੱਲ 19 ਜੁਲਾਈ ਨੂੰ ਲੋਕ ਸਭਾ ਸਕੱਤਰੇਤ ਦੀ ਸੰਸਦ ਸੁਰੱਖਿਆ ਸੇਵਾ ਦੇ ਬੁਲੇਟਿਨ ਵਿਚ ਕਹੀ ਗਈ ਹੈ ਅਤੇ ਸੰਸਦ ਮੈਂਬਰਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ |