ਅਹਿਮਦਾਬਾਦ : ਭਾਰਤੀ ਜਨਤਾ ਪਾਰਟੀ ਨੂੰ ਲੋਕਸਭਾ ਚੋਣਾਂ ਤੋਂ ਪਹਿਲਾਂ ਗੁਜਰਾਤ ’ਚ ਦੋਹਰਾ ਝਟਕਾ ਲੱਗਾ ਹੈ। ਇੱਕ ਹੀ ਦਿਨ ਦੇ ਅੰਦਰ ਦੋ ਉਮੀਦਵਾਰਾਂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਸਵੇਰੇ ਗੁਜਰਾਤ ਦੀ ਵੜੋਦਰਾ ਸੀਟ ’ਤੇ ਮੌਜੂਦਾ ਸਾਂਸਦ ਅਤੇ ਭਾਜਪਾ ਉਮੀਦਵਾਰ ਰੰਜਨ ਭੱਟ ਨੇ ਚੋਣ ਨਾ ਲੜਨ ਦਾ ਫੈਸਲਾ ਲਿਆ ਸੀ। ਹੁਣ ਗੁਜਰਾਤ ਦੀ ਸਾਬਰਕਾਂਠਾ ਸੀਟ ਤੋਂ ਭਾਜਪਾ ਉਮੀਦਵਾਰ ਨੇ ਵੀ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਬੀਤੇ ਦਿਨੀਂ ਭਾਜਪਾ ਨੇ ਸਾਬਰਕਾਂਠਾ ਲੋਕਸਭਾ ਸੀਟ ਤੋਂ ਭੀਕਾਜੀ ਠਾਕੁਰ ਨੂੰ ਲੋਕਸਭਾ ਟਿਕਟ ਦਿੱਤੀ ਸੀ। ਹੁਣ ਉਨ੍ਹਾ ਨੇ ਵੀ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਭੀਕਾਜੀ ਠਾਕੁਰ ਸੀਟ ਤੋਂ ਚੋਣ ਨਾ ਲੜਨ ਦੀ ਇੱਛਾ ਪ੍ਰਗਟਾਉਣ ਤੋਂ ਪਹਿਲਾਂ ਸਵੇਰੇ ਗੁਜਰਾਤ ਦੀ ਵੜੋਦਰਾ ਸੀਟ ਤੋਂ ਰੰਜਨ ਭੱਟ ਨੇ ‘ਐਕਸ’ ’ਤੇ ਪੋਸਟ ਲਿਖੀ, ‘ਮੈਂ ਰੰਜਨਬੇਨ ਧੰਨਜੈ ਭੱਟ ਨਿੱਜੀ ਕਾਰਨਾਂ ਕਰਕੇ ਲੋਕਸਭਾ ਚੋਣ 2024 ਲੜਨ ਦੀ ਇੱਛਾ ਨਹੀਂ ਹੈ।’ ਇਸ ਦੇ ਕੁਝ ਦੇਰ ਬਾਅਦ ਹੀ ਸਾਬਰਕਾਂਠਾ ਤੋਂ ਭਾਜਪਾ ਦੀ ਲੋਕਸਭਾ ਉਮੀਦਵਾਰ ਭੀਕਾਜੀ ਠਾਕੁਰ ਨੇ ਸੋਸ਼ਲ ਮੀਡੀਆ ਮੰਚ ‘ਇੰਸਟਾਗ੍ਰਾਮ’ ’ਤੇ ਲਿਖਿਆ ਕਿ ਉਹ ਚੋਣ ਨਹੀਂ ਲੜਨਾ ਚਾਹੁੰਦੇ। ਉਨ੍ਹਾ ਨੇ ਲਿਖਿਆ, ‘ਮੈਂ ਭੀਕਾਜੀ ਠਾਕੁਰ ਨਿੱਜੀ ਕਾਰਨਾਂ ਕਰਕੇ ਸਾਬਰਕਾਂਠਾ ਤੋਂ ਲੋਕਸਭਾ ਚੋਣ 2024 ਚੋਣ ਲੜਨ ਦਾ ਇੱਛੁਕ ਨਹੀਂ ਹਾਂ।’ ਭੱਟ ਨੂੰ ਵੜੋਦਰਾ ਲੋਕਸਭਾ ਸੀਟ ਤੋਂ ਦੋਬਾਰਾ ਉਮੀਦਵਾਰ ਬਣਾਏ ਜਾਣ ’ਤੇ ਭਾਜਪਾ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਸ਼ਹਿਰ ਦੇ ਕਈ ਸਥਾਨਾਂ ’ਤੇ ਬੈਨਰ ਲੱਗਣ ਦੇ ਕੁਝ ਦਿਨ ਬਾਅਦ ਉਨ੍ਹਾ ਨੇ ਇਹ ਫੈਸਲਾ ਲਿਆ। ਭਾਜਪਾ ਦੇ ਕੁਝ ਸਥਾਨਕ ਨੇਤਾਵਾਂ ਨੇ ਭੱਟ ਨੂੰ ਉਮੀਦਵਾਰ ਐਲਾਨੇ ਜਾਣ ’ਤੇ ਵਿਰੋਧ ਕੀਤਾ ਸੀ।