ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿ੍ਰਫ਼ਤਾਰ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਕੇਂਦਰ ’ਤੇ ਹਮਲਾਵਰ ਹੈ। ਦਿੱਲੀ ਸਰਕਾਰ ’ਚ ਮੰਤਰੀ ਅਤੇ ਪਾਰਟੀ ਨੇਤਾ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ’ਚ ਸਵਾਲ ਉਠਾਉਂਦੇ ਹੋਏ ਕਿਹਾ ਕਿ ਆਬਕਾਰੀ ਨੀਤੀ ਦੇ ਮਾਮਲੇ ’ਚ ਇੱਕ ਸਵਾਲ ਲਗਾਤਾਰ ਉਠਦਾ ਰਿਹਾ ਹੈ ਕਿ ਪੈਸੇ ਦਾ ਰਸਤਾ ਕਿੱਥੇ ਹੈ, ਸ਼ਰਾਬ ਕਾਰੋਬਾਰੀ ਨੇ ਕਿਸ ਨੂੰ ਅਤੇ ਕਿੱਥੇ ਭੁਗਤਾਨ ਕੀਤਾ? ਈ ਡੀ ਮਨੀ ਲਾਂਡਰਿੰਗ ਟਰੋਲ ਸਥਾਪਤ ਨਹੀਂ ਕਰ ਸਕੀ, ਸਿਰਫ਼ ਬਿਆਨ ਦੇ ਅਧਾਰ ’ਤੇ ਗਿ੍ਰਫ਼ਤਾਰੀ ਹੋਈ ਹੈ। ਸੁਪਰੀਮ ਕੋਰਟ ਨੇ ਇੱਕ ਹੀ ਸਵਾਲ ਪੁੱਛਿਆ ਕਿ ਮਨੀ ਟਰੋਲ ਕਿੱਥੇ ਹੈ। ਅਰਵਿੰਦ ਕੇਜਰੀਵਾਲ ਦੀ ਗਿ੍ਰਫ਼ਤਾਰੀ ਸ਼ਰਥ ਰੈਡੀ ਦੇ ਹੀ ਬਿਆਨ ’ਤੇ ਅਧਾਰਿਤ ਹੈ। ਦਿੱਲੀ ਸ਼ਰਾਬ ਘੁਟਾਲੇ ’ਚ ਦੋਸ਼ੀ ਅਰਬਿੰਦੋ ਫਰਮ ਦੇ ਐੱਮ ਡੀ ਸ਼ਰਥ ਰੈਡੀ ਸਰਕਾਰ ਗਵਾਹ ਹੈ। ਆਤਿਸ਼ੀ ਨੇ ਚੋਣਾਵੀ ਚੰਦੇ ਨਾਲ ਜੁੜੇ ਦਸਤਾਵੇਜ਼ ਦਿਖਾਉਂਦੇ ਕਿਹਾ ਕਿ ਰੈਡੀ ਦੀਆਂ ਕੰਪਨੀਆਂ ਨੇ ਭਾਜਪਾ ਨੂੰ ਇਲੈਕਟਰੋਲ ਬਾਂਡ ਜ਼ਰੀਏ 4.5 ਕਰੋੜ ਰੁਪਏ ਦਿੱਤੇ। ਇੰਡੋ ਫਾਰਮ, ਏ ਪੀ ਐੱਲ ਹੈੱਲਥ ਕੇਅਰ ਦੇ ਮਾਲਕ ਰੈਡੀ ਨੇ ਚੋਣਾਵੀ ਬਾਂਡ ਦੇ ਰੂਪ ’ਚ ਭਾਜਪਾ ਨੂੰ ਪੈਸੇ ਦਿੱਤੇ। ਗਿ੍ਰਫ਼ਤਾਰੀ ਤੋਂ ਬਾਅਦ ਰੈਡੀ ਦੀਆਂ ਕੰਪਨੀਆਂ ਨੇ 55 ਕਰੋੜ ਰੁਪਏ ਦਾ ਚੋਣਾਵੀ ਚੰਦਾ ਦਿੱਤਾ। ਮਨੀ ਟਰੋਲ ਦਾ ਪਤਾ ਚੱਲਿਆ, ਸਾਰਾ ਪੈਸਾ ਚੋਣਾਵੀ ਬਾਂਡ ਦੇ ਰੂਪ ’ਚ ਭਾਜਪਾ ਦੇ ਖਾਤੇ ’ਚ ਗਿਆ। ਆਤਿਸ਼ੀ ਨੇ ਕਿਹਾ ਕਿ ਮਾਮਲੇ ’ਚ ਭਾਜਪਾ ਨੂੰ ਦੋਸ਼ੀ ਬਣਾਇਆ ਜਾਣਾ ਚਾਹੀਦਾ ਹੈ, ਈ ਡੀ ਨੂੰ ਚਾਹੀਦਾ ਕਿ ਜੇ ਪੀ ਨੱਢਾ ਨੂੰ ਗਿ੍ਰਫ਼ਤਾਰ ਕਰੇ। ਚੋਣਾਵੀ ਚੰਦੇ ਦੇ ਰੂਪ ’ਚ 4.5 ਕਰੋੜ ਰੁਪਏ ਅਤੇ 55 ਕਰੋੜ ਰੁਪਏ ਰੈਡੀ ਵੱਲੋਂ ਕੈਸ਼ ਕਰਵਾਏ ਗਏ, ਜੋ ਕਿ ਐਕਸਾਈਜ਼ ਪਾਲਸੀ ’ਚ ਦੋਸ਼ੀ ਹੈ। ਚੋਣਾਵੀ ਬਾਂਡ ਜ਼ਰੀਏ ਭਾਜਪਾ ਨੇ ਅਰਬਿੰਦੋ ਫਰਮ ਦੇ ਮਾਲਕ ਰੈਡੀ ਤੋਂ ਪੈਸਾ ਲਿਆ। ਦੋ ਵਾਰ ਚੋਣਾਵੀ ਚੰਦੇ ਨੂੰ ਮਿਲਾ ਕੇ ਇਹ ਪੂਰੀ ਰਕਮ 59.4 ਕਰੋੜ ਰੁਪਏ ਹੈ। ਆਤਿਸ਼ੀ ਨੇ ਦਾਅਵਾ ਕੀਤਾ ਕਿ ਉਨ੍ਹਾ ਦੇ ਪਾਰਟੀ ਦਫ਼ਤਰ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਕਿਸੇ ਰਾਸ਼ਟਰੀ ਪਾਰਟੀ ਦੇ ਦਫ਼ਤਰ ’ਚ ਲੋਕਾਂ ਦੀ ਐਂਟਰੀ ਕਿਸ ਤਰ੍ਹਾਂ ਰੋਕੀ ਜਾ ਸਕਦੀ ਹੈ। ਅਸੀਂ ਚੋਣ ਕਮਿਸ਼ਨ ਕੋਲ ਇਸ ਦੀ ਸ਼ਿਕਾਇਤ ਦਰਜ ਕਰਾਈ ਹੈ। ਉਨ੍ਹਾ ਕਿਹਾ ਕਿ ਇਹ ਕਦਮ ਸੰਵਿਧਾਨ ਦੇ ਖਿਲਾਫ਼ ਹੈ। ਇੱਕ ਵਿਧਾਇਕ ਦੇ ਘਰ ’ਤੇ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾ ਚੋਣ ਕਮਿਸ਼ਨ ਨੂੰ ਲਿਖੇ ਪੱਤਰ ’ਚ ਕਿਹਾ ਕਿ ਏਜੰਸੀਆਂ ਦੇ ਐਕਸ਼ਨ ਨੂੰ ਰੋਕਣ ਲਈ ਜਲਦ ਕਦਮ ਉਠਾਏ ਜਾਣ।