ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਇੱਕ ਵੀਡੀਓ ਮੈਸੇਜ ਜਾਰੀ ਕੀਤਾ ਹੈ। ਸੁਨੀਤਾ ਕੇਜਰੀਵਾਲ ਨੇ ਕਿਹਾਤੁਹਾਡੇ ਬੇਟੇ ਅਤੇ ਤੁਹਾਡੇ ਭਰਾ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਤੁਹਾਡੇ ਲਈ ਸੰਦੇਸ਼ ਭੇਜਿਆ ਹੈ… ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਬੀਤੇ ਦਿਨੀ ਗਿ੍ਰਫ਼ਤਾਰ ਕਰ ਲਿਆ, ਮੈਂ ਅੰਦਰ ਰਹਾਂ ਜਾਂ ਬਾਹਰ, ਹਰ ਪਲ ਦੇਸ਼ ਦੀ ਸੇਵਾ ਕਰਦਾ ਰਹਾਂਗਾ। ਸੁਨੀਤਾ ਨੇ ਕੇਜਰੀਵਾਲ ਦਾ ਸੰਦੇਸ਼ ਪੜ੍ਹਦੇ ਹੋਏ ਕਿਹਾ ਕਿ ਕੇਜਰੀਵਾਲ ਆਪਣਾ 1000 ਰੁਪਏ ਵਾਲਾ ਵਾਅਦਾ ਜ਼ਰੂਰ ਪੂਰਾ ਕਰਨਗੇ। ਇਸੇ ਦੇ ਨਾਲ ਉਨ੍ਹਾ ਲੋਕਾਂ ਨੂੰ ਮੰਦਰ ਜਾਣ ਦੀ ਵੀ ਅਪੀਲ ਕੀਤੀ। ਸੁਨੀਤਾ ਨੇ ਕੇਜਰੀਵਾਲ ਦਾ ਸੰਦੇਸ਼ ਪੜ੍ਹਦੇ ਹੋਏ ਕਿਹਾਮੇਰਾ ਜੀਵਨ ਸੰਘਰਸ਼ ਲਈ ਹੀ ਹੋਇਆ ਹੈ। ਮੇਰਾ ਇੱਕ-ਇੱਕ ਕਤਰਾ ਦੇਸ਼ ਲਈ ਹੈ। ਅੱਜ ਤੱਕ ਮੈਂ ਬਹੁਤ ਸੰਘਰਸ਼ ਕੀਤਾ, ਅੱਗੇ ਵੀ ਕਰਦਾ ਰਹਾਂਗਾ, ਇਸ ਲਈ ਇਸ ਗਿ੍ਰਫ਼ਤਾਰੀ ਤੋਂ ਹੈਰਾਨ ਨਹੀਂ ਹਾਂ। ਪਿਛਲੇ ਜਨਮ ’ਚ ਜ਼ਰੂਰ ਮੈਂ ਚੰਗੇ ਕੰਮ ਕੀਤੇ ਹੋਣਗੇ, ਜੋ ਮੈਂ ਭਾਰਤ ਵਰਗੇ ਮਹਾਨ ਦੇਸ਼ ’ਚ ਪੈਦਾ ਹੋਇਆ। ਸਾਨੂੰ ਮਿਲ ਕੇ ਭਾਰਤ ਨੂੰ ਫਿਰ ਤੋਂ ਮਹਾਨ ਬਣਾਉਣਾ ਹੈ।
ਭਾਰਤ ਦੇ ਅੰਦਰ ਅਤੇ ਬਾਹਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸ਼ਕਤੀਆਂ ਹਨ, ਜੋ ਭਾਰਤ ਨੂੰ ਕਮਜ਼ੋਰ ਕਰ ਰਹੀਆਂ ਹਨ। ਸਾਨੂੰ ਇਨ੍ਹਾਂ ਤੋਂ ਸੁਚੇਤ ਰਹਿ ਕੇ ਇਨ੍ਹਾਂ ਨੂੰ ਹਰਾਉਣਾ ਹੈ।
ਸੁਨੀਤਾ ਨੇ ਮੁੱਖ ਮੰਤਰੀ ਦਾ ਸੰਦੇਸ਼ ਪੜ੍ਹਦੇ ਹੋਏ ਕਿਹਾ ਕਿ ਦਿੱਲੀ ਦੀਆਂ ਮੇਰੀਆਂ ਮਾਵਾਂ, ਭੈਣਾਂ ਸੋਚ ਰਹੀਆਂ ਹੋਣਗੀਆਂ ਕਿ ਕੇਜਰੀਵਾਲ ਤਾਂ ਅੰਦਰ ਚਲਾ ਗਿਆ, ਪਤਾ ਨਹੀਂ 1000 ਰੁਪਏ ਮਿਲਣਗੇ ਜਾਂ ਨਹੀਂ। ਇਸ ਤਰ੍ਹਾਂ ਦੀਆਂ ਅਜੇ ਸਲਾਖਾਂ ਨਹੀਂ ਬਣੀਆਂ, ਜੋ ਤੁਹਾਡੇ ਭਰਾ ਅਤੇ ਪੁੱਤ ਨੂੰ ਅੰਦਰ ਰੱਖ ਸਕਣ। ਮੈਂ ਜਲਦ ਹੀ ਬਾਹਰ ਆਵਾਂਗਾ ਅਤੇ ਆਪਣਾ ਵਾਅਦਾ ਪੂਰਾ ਕਰਾਂਗਾ। ਤੁਹਾਡਾ ਭਰਾ-ਪੁੱਤਰ ਲੋਹੇ ਦਾ ਬਣਿਆ ਹੈ।
ਸੁਨੀਤਾ ਨੇ ਸੰਦੇਸ਼ ਪੜ੍ਹਦੇ ਹੋਏ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਮੇਰੀ ਅਪੀਲ ਹੈ ਕਿ ਲੋਕ ਸੇਵਾ ਦਾ ਕੰਮ ਨਹੀਂ ਰੁਕਣਾ ਚਾਹੀਦਾ ਅਤੇ ਇਸ ਕਾਰਨ ਭਾਜਪਾ ਵਾਲਿਆਂ ਤੋਂ ਨਫ਼ਰਤ ਨਾ ਕਰਨਾ, ਭਾਜਪਾ ਵਾਲੇ ਵੀ ਸਾਡੇ ਭਰਾ-ਭੈਣ ਹੀ ਹਨ। ਮੈਂ ਜਲਦ ਹੀ ਵਾਪਸ ਆਵਾਂਗਾ।