13.8 C
Jalandhar
Monday, December 23, 2024
spot_img

ਫਾਸ਼ੀਵਾਦੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਨੌਜਵਾਨਾਂ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਤੋਂ ਅਗਵਾਈ ਲੈਣ ਦੀ ਲੋੜ : ਥਿਰਮਲਾਈ, ਜਗਰੂਪ

ਹੁਸੈਨੀਵਾਲਾ/ਫਿਰੋਜ਼ਪੁਰ (ਅਸ਼ੋਕ ਸ਼ਰਮਾ)
ਜੰਗ-ਏ-ਆਜ਼ਾਦੀ ਦੇ ਮਹਾਨ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਬਨੇਗਾ ਦਿਵਸ ਵਜੋਂ ਮਨਾਉਦਿਆਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸ਼ਨੀਵਾਰ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਹੀਦਾਂ ਦੇ ਸੁਪਨਿਆਂ ਦਾ ਖਾਕਾ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਦੇਸ਼ ਪੱਧਰ ’ਤੇ ਹੋਰ ਤੇਜ਼ ਕਰਨ ਲਈ ਹਰ ਸਾਲ 23 ਮਾਰਚ ਨੂੰ ਬਨੇਗਾ ਦਿਵਸ ਮਨਾਉਣ ਦਾ ਸੰਕਲਪ ਲਿਆ ਗਿਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ’ਚ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਬਨੇਗਾ ਦਿਵਸ ਸੰਕਲਪ ਮਾਰਚ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਕੌਮੀ ਕੌਂਸਲ ਮੈਂਬਰ ਕਰਮਵੀਰ ਬੱਧਨੀ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ ਅਤੇ ਸੂਬਾ ਸਕੱਤਰ ਪਿ੍ਰਤਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ।ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਥਿਰਮਲਾਈ ਰਮਨ ਅਤੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਇਸ ਮੌਕੇ 23 ਮਾਰਚ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੌਮੀ ਆਗੂਆਂ ਥਿਰਮਲਾਈ ਰਮਨ ਅਤੇ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਜੰਗ ਏ ਆਜ਼ਾਦੀ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸਮੁੱਚਾ ਜੀਵਨ ਫਲਸਫ਼ਾ ਕੁਰਬਾਨੀਆਂ ਭਰਿਆ ਅਤੇ ਅੱਜ ਵੀ ਪ੍ਰੇਰਨਾਸਰੋਤ ਹੈ।ਉਹਨਾ ਕਿਹਾ ਕਿ ਸ਼ਹੀਦਾਂ ਦੀ ਅਨੋਖੀ ਸ਼ਹਾਦਤ ਨੇ ਦੇਸ਼ ਦੀ ਗੁਲਾਮ ਜਨਤਾ ਅੰਦਰ ਇਨਕਲਾਬੀ ਜੋਸ਼ ਪੈਦਾ ਕੀਤਾ, ਜਿਸ ਨੇ ਸੈਂਕੜੇ ਨੌਜਵਾਨਾਂ ਨੂੰ ਆਜ਼ਾਦੀ ਸੰਗਰਾਮ ਵਿੱਚ ਕੁੱਦਣ ਲਈ ਪ੍ਰੇਰਿਤ ਕੀਤਾ।ਕੌਮੀ ਆਗੂਆਂ ਕਿਹਾ ਕਿ ਅੱਜ ਦੀਆਂ ਸਰਕਾਰਾਂ ਸਾਡੇ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਦੇ ਉਲਟ ਸਾਮਰਾਜਵਾਦੀ ਨੀਤੀਆਂ ਨੂੰ ਲਾਗੂ ਕਰਨ ਲਈ ਜ਼ੋਰ ਲ਼ਾ ਰਹੀਆਂ ਹਨ, ਪਰ ਸ਼ਹੀਦਾਂ ਦੇ ਸੱਚੇ ਵਾਰਿਸ ਅਜਿਹਾ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।
ਇਸ ਮੌਕੇ 23 ਮਾਰਚ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਜਗਰੂਪ ਸਿੰਘ ਨੇ ਕਿਹਾ ਕਿ ਜਿਵੇਂ-ਜਿਵੇਂ ਦੇਸ਼ ਦਾ ਸਰਮਾਇਆ ਕੁਝ ਕੁ ਹੱਥਾਂ ’ਚ ਇਕੱਠਾ ਹੁੰਦਾ ਜਾ ਰਿਹਾ ਹੈ, ਤਿਵੇਂ-ਤਿਵੇਂ ਇਹ ਫਾਸ਼ੀਵਾਦੀ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ ਅਤੇ ਸਮਾਜ ’ਚ ਫਿਰਕੂ ਮੰਦਭਾਵਨਾ ਨੂੰ ਜਾਣ ਬੁੱਝ ਕੇ ਫੈਲਾ ਕੇ ਸਮਾਜਕ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦੀਆਂ ਹੱਕੀ ਮੰਗਾਂ ਦੇ ਸੰਘਰਸ਼ ਦਬਾਉਣ ਲਈ ਇਹ ਸਰਕਾਰਾਂ ਦੀ ਇਕ ਸੋਚੀ-ਸਮਝੀ ਸਾਜ਼ਿਸ਼ ਹੈ। ਉਹਨਾ ਸੱਦਾ ਦਿੰਦਿਆ ਕਿਹਾ ਕਿ ਇਹਨਾਂ ਫਾਸ਼ੀਵਾਦੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਜਵਾਨੀ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਇਨਕਲਾਬੀ ਵਿਚਾਰਧਾਰਾ ਤੋਂ ਅਗਵਾਈ ਲੈਣੀ ਚਾਹੀਦੀ ਹੈ, ਕਿਉਕਿ ਸ਼ਹੀਦਾਂ ਦੀ ਵਿਚਾਰਧਾਰਾ ਭਾਈਚਾਰਕ ਏਕਤਾ ਦੀ ਮੁੱਦਈ ਹੈ।
ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਅਤੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਕੁਰਬਾਨੀ ਨੇ ਆਜ਼ਾਦੀ ਸੰਗਰਾਮ ਨੂੰ ਇਨਕਲਾਬੀ ਬਲ ਦਿੱਤਾ, ਜਿਸ ਨਾਲ ਦੇਸ਼ ਦੇ ਹਰ ਕੋਨੇ ਵਿੱਚੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਗੂੰਜਣ ਲੱਗੇ।ਉਹਨਾਂ ਕਿਹਾ ਕਿ 23 ਮਾਰਚ 2014 ਨੂੰ ਇਸੇ ਇਤਿਹਾਸਕ ਸਥਾਨ ਤੋਂ ਸ਼ੁਰੂ ਕੀਤੀ ਬਨੇਗਾ ਪ੍ਰਾਪਤੀ ਲਹਿਰ ਅੱਜ ਦੇਸ਼ ਪੱਧਰ ’ਤੇ ਫੈਲ ਕੇ ਆਪਣੀ ਪ੍ਰਾਪਤੀ ਵੱਲ ਵਧ ਰਹੀ ਹੈ।ਇਸ ਤੋਂ ਬਾਅਦ ਇਸ ਸੰਕਲਪ ਸਭਾ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ ਅਤੇ ਸੂਬਾ ਸਕੱਤਰ ਪਿ੍ਰਤਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਤੋਂ ਬਾਅਦ ਮਿਲੀ ਆਜ਼ਾਦੀ ਤੋਂ ਬਾਅਦ ਦੇਸ਼ ’ਚ ਬਣੀਆਂ ਸਰਕਾਰਾਂ ਨੇ ਹਮੇਸ਼ਾ ਹੀ ਸ਼ਹੀਦਾਂ ਦੀ ਸੋਚ ਦੇ ਉਲਟ ਕੰਮ ਕੀਤਾ ਹੈ।ਆਗੂਆਂ ਮੰਗ ਕਰਦਿਆਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਮਹਾਨ ਇਨਕਲਾਬੀ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਸਮੇਤ ਆਜ਼ਾਦੀ ਸੰਘਰਸ਼ ਦੇ ਇਤਿਹਾਸਕ ਦਸਤਾਵੇਜ਼ਾਂ ਨੂੰ ਸਿੱਖਿਆ ਦੇ ਸਿਲੇਬਸ ਵਿੱਚ ਸ਼ਮਲ ਕੀਤਾ ਜਾਵੇ। ਸ਼ਹੀਦੀ ਸਮਾਰਕ ਹੁਸੈਨੀਵਾਲਾ ਨੂੰ ਇਨਕਲਾਬੀ ਵਿਰਾਸਤ ਖੋਜ ਕੇਂਦਰ ਵੱਜੋਂ ਵਿਕਸਤ ਕੀਤਾ ਜਾਵੇ।
ਇਸ ਮੌਕੇ ਆਗੂਆਂ ਵਲੋਂ ਸਮੁੱਚੇ ਰੂਪ ਐਲਾਨ ਕੀਤਾ ਗਿਆ ਕਿ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਸਟੂਡੈਂਟਸ ਫੈਡਰੇਸ਼ਨ ਵੱਲੋਂ ਪੰਜਾਬ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਪ੍ਰਾਪਤੀ ਅਤੇ ਇਸ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ ਅਤੇ ਨਵਾਂ ਰੁਜ਼ਗਾਰ ਪੈਦਾ ਕਰਨ ਲਈ ਜਾਗਰੂਕਤਾ ਪੈਦਾ ਕਰਨ ਅਤੇ ਲੋਕ ਸਭਾ ਦੇ ਉਮੀਦਵਾਰਾਂ ਨੂੰ ਉਕਤ ਮੁੱਦਿਆਂ ’ਤੇ ਸਵਾਲ-ਜਵਾਬ ਕਰਨ ਲਈ ਵਿਸ਼ੇਸ਼ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ।
ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਮੀਤ ਸਕੱਤਰ ਹਰਭਜਨ ਛਪੜੀ ਵਾਲਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਮਲੋਟ, ਗੁਰਭੇਜ ਜ਼ਿਲ੍ਹਾ ਕਨਵੀਨਰ, ਗੁਰਲਾਲ ਵਾੜਾ ਕਿਸ਼ਨਪੁਰ, ਸੁਰਿੰਦਰ ਸਿੰਘ ਖੂੰਨਣ ਕਲਾਂ, ਗੁਰਵਿੰਦਰ ਗੁਰੀ, ਰਮਨਦੀਪ ਕੌਰ ਛਤਿਆਣਾ, ਮਨਦੀਪ ਕੌਰ ਵਿਰਕਾਂ ਨਰੇਗਾ ਆਗੂ ਮੁਕਤਸਰ, ਜ਼ਿਲ੍ਹਾ ਕਮੇਟੀ ਮੈਂਬਰ, ਜਸਪ੍ਰੀਤ ਬੱਧਣੀ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ, ਬੋਹੜ ਸਿੰਘ ਪ੍ਰਧਾਨ ਨਰੇਗਾ, ਬਿੰਦਰ ਸਿੰਘ ਖੂੰਨਣ ਕਲਾਂ, ਜਸਪ੍ਰੀਤ ਬੱਧਨੀ, ਜਗਵਿੰਦਰ ਕਾਕਾ, ਸਵਰਾਜ ਖੋਸਾ, ਗੁਰਦਿੱਤ ਦੀਨਾ, ਨਵਕਿਰਨ ਕੌਰ, ਨਵਜੋਤ ਬਿਲਾਸਪੁਰ, ਜਬਰਜੰਗ ਮਹੇਸਰੀ, ਸੁੱਖਾ ਪੇਂਟਰ, ਨਰਿੰਦਰ ਢਾਬਾਂ, ਕੇਵਲ ਛਾਂਗਾ ਰਾਏ, ਪਰਮਿੰਦਰ ਰਹਿਮੇ ਸ਼ਾਹ, ਰਮੇਸ਼ ਪੀਰ ਮੁਹੰਮਦ, ਤੇਜਾ ਅਮੀਰ ਖਾਸ, ਪੰਮਾ ਥਾਰੇਵਾਲਾ ਆਦਿ ਨੇ ਵੀ ਸੰਬੋਧਨ ਕੀਤਾ।

Related Articles

LEAVE A REPLY

Please enter your comment!
Please enter your name here

Latest Articles