ਭਾਜਪਾ ਦੇਸ਼ ’ਚ ਤਾਨਾਸ਼ਾਹੀ ਲਿਆਉਣਾ ਚਾਹੁੰਦੀ : ਭਗਵੰਤ ਮਾਨ

0
184

ਨਵੀਂ ਦਿੱਲੀ/ਚੰਡੀਗੜ੍ਹ (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਉਨ੍ਹਾਂ ਦੇ ਸਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਡੇ ਦੇਸ਼ ’ਚ ਲੋਕਤੰਤਰ ਦੀ ਹਾਲਤ ਦੇਖ ਕੇ ਭਗਤ ਸਿੰਘ ਦੀ ਆਤਮਾ ਨੂੰ ਵੀ ਦੁੱਖ ਹੋ ਰਿਹਾ ਹੋਵੇਗਾ। ਦਿੱਲੀ ਦੇ ਸ਼ਹੀਦ ਪਾਰਕ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਭਗਤ ਸਿੰਘ ਨੇ 23 ਸਾਲ ਦੀ ਛੋਟੀ ਉਮਰ ’ਚ ਆਪਣਾ ਬਲਿਦਾਨ ਦਿੱਤਾ, ਤਾਂ ਜੋ ਸਾਡਾ ਦੇਸ਼ ਆਜ਼ਾਦ ਹੋ ਸਕੇ ਅਤੇ ਸਾਨੂੰ ਵੋਟ ਪਾਉਣ ਅਤੇ ਆਪਣੇ ਆਗੂ ਚੁਣਨ ਦਾ ਅਧਿਕਾਰ ਮਿਲ ਸਕੇ, ਪਰ ਅੱਜ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਰੂਹਾਂ ਨੂੰ ਜ਼ਰੂਰ ਦੁੱਖ ਹੋਵੇਗਾ ਕਿ ਇਸ ਦੇਸ ’ਚ ਲੋਕਤੰਤਰ ਨਹੀਂ। ਉਹ (ਭਗਤ ਸਿੰਘ) ਜ਼ਰੂਰ ਸੋਚ ਰਿਹਾ ਹੋਵੇਗਾ, ਕੀ ਅਸੀਂ ਇਸ ਆਜ਼ਾਦੀ ਲਈ ਕੁਰਬਾਨੀ ਦਿੱਤੀ ਸੀ? ਮਾਨ ਨੇ ਅੱਗੇ ਕਿਹਾ ਕਿ ਇਹ ਕਿਹੋ ਜਿਹਾ ਲੋਕਤੰਤਰ ਜਾਂ ਅਜ਼ਾਦੀ ਹੈ, ਜਿੱਥੇ ਇੱਕ ਪਾਰਟੀ ਵਿਰੋਧੀ ਧਿਰ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੰਦੀ, ਵਿਰੋਧੀ ਧਿਰ ਨੂੰ ਚੋਣ ਲੜਨ ਨਹੀਂ ਦਿੰਦੀ, ਵਿਰੋਧੀ ਧਿਰ ਦੇ ਨੇਤਾ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਭੇਜਦੀ ਹੈ। ਜੇਕਰ ਵਿਰੋਧੀ ਧਿਰ ਜਿੱਤ ਰਹੀ ਹੈ ਤਾਂ ਚੰਡੀਗੜ੍ਹ ਵਾਂਗ ਉਨ੍ਹਾਂ ਦੀਆਂ ਵੋਟਾਂ ਰੱਦ ਕਰਕੇ ਆਪਣੀ ਪਸੰਦ ਦਾ ਮੇਅਰ ਨਿਯੁਕਤ ਕਰੋ। ਇਹ ਵੇਖ ਸਾਡੇ ਸ਼ਹੀਦਾਂ ਦੀਆਂ ਰੂਹਾਂ ਤੜਪ ਰਹੀ ਹੋਣਗੀਆਂ, ਪਰ ਅਸੀਂ ਆਪਣੇ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਲਈ ਲੜਾਂਗੇ, ਇਸ ਤਾਨਾਸ਼ਾਹੀ ਵਿਰੁੱਧ ਲੜਦੇ ਰਹਾਂਗੇ। ਉਨ੍ਹਾ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਗਿ੍ਰਫਤਾਰ ਕਰ ਸਕਦੇ ਹਨ, ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਰੋਕਣਗੇ? ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਤੋਂ ਬਾਅਦ ਪੂਰਾ ਦੇਸ ਏਨੇ ਗੁੱਸੇ ’ਚ ਹੈ ਅਤੇ ਦੇਖ ਰਿਹਾ ਹੈ ਕਿ ਕਿਸ ਤਰ੍ਹਾਂ ਭਾਜਪਾ ਸਾਡੇ ਲੋਕਤੰਤਰ ਨੂੰ ਤਾਨਾਸ਼ਾਹੀ ’ਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਨ ਨੇ ਕਿਹਾ ਕਿ ਕੇਜਰੀਵਾਲ ਇਸ ਤੋਂ ਵੀ ਵੱਡੇ ਨੇਤਾ ਬਣ ਕੇ ਨਿਕਲਣਗੇ ਅਤੇ ਪੂਰਾ ਦੇਸ ਉਨ੍ਹਾ ਦੇ ਨਾਲ ਹੈ। ਕੇਜਰੀਵਾਲ ਇੱਕ ਵਿਅਕਤੀ ਨਹੀਂ, ਬਲਕਿ ਇੱਕ ਸੋਚ ਹੈ, ਤੁਸੀਂ ਇੱਕ ਸੋਚ ਨੂੰ ਕੈਦ ਨਹੀਂ ਕਰ ਸਕਦੇ।

LEAVE A REPLY

Please enter your comment!
Please enter your name here