ਇਸਲਾਮਾਬਾਦ : ਪਾਕਿਸਤਾਨ ਦੇ ਗੜਬੜਜ਼ਦਾ ਖੈਬਰ ਪਖਤੂਨਖਵਾ ਸੂਬੇ ’ਚ ਆਤਮਘਾਤੀ ਹਮਲੇ ਕਾਰਨ ਚੀਨ ਦੇ 6 ਨਾਗਰਿਕਾਂ ਦੀ ਮੌਤ ਹੋ ਗਈ। ਆਤਮਘਾਤੀ ਹਮਲਾਵਰ ਨੇ ਚੀਨੀ ਇੰਜੀਨੀਅਰਾਂ ਦੇ ਕਾਫਲੇ ’ਚ ਵਿਸਫੋਟਕ ਨਾਲ ਭਰੇ ਵਾਹਨ ਨੂੰ ਟੱਕਰ ਮਾਰ ਦਿੱਤੀ।
ਜਹਾਜ਼ ਪੁਲ ’ਚ ਵੱਜਾ
ਬਾਲਟੀਮੋਰ : ਇੱਥੇ ਕੰਟੇਨਰ ਜਹਾਜ਼ ਦੇ ਟਕਰਾਉਣ ਕਾਰਨ ਵੱਡਾ ਪੁਲ ਟੁੱਟ ਗਿਆ ਅਤੇ ਕਈ ਵਾਹਨ ਨਦੀ ’ਚ ਡਿੱਗ ਗਏ। ਬਚਾਅ ਕਰਮਚਾਰੀ ਪਾਣੀ ਵਿਚ ਘੱਟੋ-ਘੱਟ 20 ਵਿਅਕਤੀਆਂ ਦੀ ਭਾਲ ਕਰ ਰਹੇ ਸਨ। ਐਕਸ ’ਤੇ ਪੋਸਟ ਕੀਤੀ ਵੀਡੀਓ ਅਨੁਸਾਰ ਸਮੁੰਦਰੀ ਜਹਾਜ਼ ਫਰਾਂਸਿਸ ਸਕਾਟ ਬਿ੍ਰਜ ਦੇ ਇੱਕ ਹਿੱਸੇ ਨਾਲ ਟਕਰਾਅ ਗਿਆ, ਜਿਸ ਨਾਲ ਪੁਲ ਟੁੱਟ ਗਿਆ। ਜਹਾਜ਼ ਨੂੰ ਅੱਗ ਲੱਗ ਗਈ।
ਡੇਰਾ ਵਡਭਾਗ ਸਿੰਘ ’ਚ ਵੱਡੇ ਪੱਥਰਾਂ ਹੇਠ ਆ ਕੇ 2 ਸ਼ਰਧਾਲੂਆਂ ਦੀ ਮੌਤ
ਜੈਤੋ : ਨੇੜਲੇ ਪਿੰਡ ਰੋੜੀਕਪੂਰਾ ਦੇ ਦਲਿਤ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਬਿੱਲਾ (25) ਪੁੱਤਰ ਕਾਬਲ ਸਿੰਘ ਅਤੇ ਜਲੰਧਰ ਜ਼ਿਲ੍ਹੇ ਦੇ ਪਿੰਡ ਫਰੀਦਪੁਰ ਦੇ 60 ਸਾਲਾ ਬਲਬੀਰ ਚੰਦ ਪੁੱਤਰ ਵਤਨਾ ਰਾਮ ਦੀ ਊਨਾ (ਹਿਮਾਚਲ ਪ੍ਰਦੇਸ਼) ਜ਼ਿਲ੍ਹੇ ਦੇ ਅੰਬ ਸਬ ਡਵੀਜ਼ਨ ਦੇ ਮੈੜੀ ਕਸਬੇ ’ਚ ਹਾਦਸੇ ਦੌਰਾਨ ਮੌਤ ਹੋ ਗਈ। ਉਹ ਡੇਰਾ ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ ਗਏ ਸਨ। ਜਦੋਂ ਉਹ ਝਰਨੇ ’ਚ ਇਸ਼ਨਾਨ ਕਰ ਰਹੇ ਸਨ ਤਾਂ ਉੱਪਰੋਂ ਵੱਡੇ ਪੱਥਰ ਡਿੱਗ ਗਏ। ਪੱਥਰਾਂ ਦੀ ਮਾਰ ਹੇਠ ਉਥੇ ਇਸ਼ਨਾਨ ਕਰ ਰਹੇ ਕਰੀਬ ਪੌਣੀ ਦਰਜਨ ਸ਼ਰਧਾਲੂ ਆਏ। ਰੋੜੀਕਪੂਰਾ ਪਿੰਡ ਦਾ 30 ਸਾਲਾ ਰਘਬੀਰ ਸਿੰਘ ਪੁੱਤਰ ਬਿੱਲੂ ਸਿੰਘ ਗੰਭੀਰ ਜ਼ਖਮੀ ਹੋਇਆ ਹੈ। ਬਿੱਲਾ ਦੇ ਪਰਵਾਰ ’ਚ ਮਾਪੇ, 4 ਭੈਣਾਂ ਅਤੇ ਭਰਾ ਹੈ।
ਕੇਜਰੀਵਾਲ ਦੀ ਅਰਜ਼ੀ ’ਤੇ ਸੁਣਵਾਈ ਅੱਜ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਈ ਡੀ ਰਿਮਾਂਡ ਖਿਲਾਫ ਦਿੱਲੀ ਹਾਈ ਕੋਰਟ ਬੁੱਧਵਾਰ ਸੁਣਵਾਈ ਕਰੇਗੀ। ਜਸਟਿਸ ਸਵਰਨ ਕਾਂਤਾ ਸ਼ਰਮਾ ਸਵੇਰੇ ਸਾਢੇ 10 ਵਜੇ ਸੁਣਵਾਈ ਕਰਨਗੇ। ਕੇਜਰੀਵਾਲ ਨੇ ਆਪਣੀ ਅਰਜ਼ੀ ਵਿਚ ਫੌਰੀ ਰਿਹਾਈ ਦੀ ਮੰਗ ਕੀਤੀ ਹੈ। ਇਸ ਵੇਲੇ ਉਹ 28 ਮਾਰਚ ਤੱਕ ਲਈ ਰਿਮਾਂਡ ’ਤੇ ਹਨ। ਇਸੇ ਦੌਰਾਨ ਕੇਜਰੀਵਾਲ ਨੇ ਮੰਗਲਵਾਰ ਸਵੇਰੇ ਜੇਲ੍ਹ ਕੰਪਲੈਕਸ ਤੋਂ ਦੂਜਾ ਨਿਰਦੇਸ਼ ਜਾਰੀ ਕੀਤਾ। ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਦੱਸਿਆ ਕਿ ਕੇਜਰੀਵਾਲ ਨੇ ਈ ਡੀ ਦੀ ਹਿਰਾਸਤ ਤੋਂ ਨਿਰਦੇਸ਼ ਦਿੱਤੇ ਹਨ ਕਿ ਮੁਹੱਲਾ ਕਲੀਨਿਕਾਂ ’ਚ ਮੁਫਤ ਦਵਾਈਆਂ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ।