ਨਿਊਯਾਰਕ : ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਨੇ ਭਾਰਤ ਸਰਕਾਰ ਵੱਲੋਂ ਨਾਗਰਿਕਤਾ (ਸੋਧ) ਕਾਨੂੰਨ (ਸੀ ਏ ਏ) ਨੂੰ ਲਾਗੂ ਕਰਨ ਲਈ ਜਾਰੀ ਨੋਟੀਫਿਕੇਸ਼ਨ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਧਰਮ ਜਾਂ ਵਿਸ਼ਵਾਸ ਦੇ ਅਧਾਰ ’ਤੇ ਕਿਸੇ ਨੂੰ ਵੀ ਨਾਗਰਿਕਤਾ ਤੋਂ ਵਾਂਝਾ ਨਹੀਂ ਕਰਨਾ ਚਾਹੀਦਾ। ਸੀ ਏ ਏ ਨੂੰ ਲਾਗੂ ਕਰਨ ਦੇ ਨਿਯਮਾਂ ਨੂੰ ਇਸ ਮਹੀਨੇ ਦੇ ਸ਼ੁਰੂ ’ਚ ਨੋਟੀਫਾਈ ਕੀਤਾ ਗਿਆ ਸੀ, ਜਿਸ ਨਾਲ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਦਸਤਾਵੇਜ਼ਾਂ ਬਗੈਰ ਆਏ ਗੈਰ ਮੁਸਲਮਾਨ ਪਰਵਾਸੀਆਂ ਨੂੰ ਨਾਗਰਿਕਤਾ ਦੇਣ ਦਾ ਰਾਹ ਪੱਧਰਾ ਹੋ ਗਿਆ।
ਭਾਜਪਾ ਵੱਲੋਂ 6 ਅਯੋਗ ਕਾਂਗਰਸੀ ਵਿਧਾਇਕਾਂ ਨੂੰ ਟਿਕਟਾਂ
ਨਵੀਂ ਦਿੱਲੀ : ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਜ਼ਿਮਨੀ ਚੋਣ ’ਚ ਉਨ੍ਹਾਂ ਸਾਰੇ ਛੇ ਅਯੋਗ ਕਾਂਗਰਸੀ ਵਿਧਾਇਕਾਂ ਨੂੰ ਮੈਦਾਨ ’ਚ ਉਤਾਰ ਦਿੱਤਾ ਹੈ, ਜਿਹੜੇ ਕਾਂਗਰਸ ਛੱਡ ਕੇ ਉਸ ’ਚ ਸ਼ਾਮਲ ਹੋਏ ਹਨ। ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ’ਚ ਸੁਧੀਰ ਸ਼ਰਮਾ, ਰਵੀ ਠਾਕੁਰ, ਰਾਜਿੰਦਰ ਰਾਣਾ, ਇੰਦਰ ਦੱਤ ਲਖਨਪਾਲ, ਚੇਤੰਨਿਆ ਸ਼ਰਮਾ ਅਤੇ ਦੇਵਿੰਦਰ ਕੁਮਾਰ ਭੁੱਟੋ ਹਨ। ਇਨ੍ਹਾਂ ਨੂੰ ਪਾਰਟੀ ਵ੍ਹਿੱਪ ਦੀ ਉਲੰਘਣਾ ਕਰਨ ’ਤੇ ਵਿਧਾਇਕੀ ਦੇ ਅਯੋਗ ਠਹਿਰਾਇਆ ਗਿਆ ਸੀ।
ਨੀਟ ਪ੍ਰੀਖਿਆਰਥੀ ਵੱਲੋਂ ਖੁਦਕੁਸ਼ੀ
ਜੈਪੁਰ : ਉੱਤਰ ਪ੍ਰਦੇਸ਼ ਦੇ ਨੀਟ ਪ੍ਰੀਖਿਆਰਥੀ ਨੇ ਰਾਜਸਥਾਨ ਦੇ ਕੋਟਾ ’ਚ ਕਥਿਤ ਖੁਦਕੁਸ਼ੀ ਕਰ ਲਈ। ਉਰੂਜ (20) ਕਨੌਜ ਦੇ ਸਮਾਧਨ ਪਿੰਡ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਸਾਲ ਤੋਂ ਕੋਟਾ ’ਚ ਰਹਿ ਰਿਹਾ ਸੀ। ਕਿਸੇ ਪ੍ਰੀਖਿਆਰਥੀ ਦਾ ਇਸ ਸਾਲ ਖੁਦਕੁਸ਼ੀ ਦਾ ਇਹ 7ਵਾਂ ਮਾਮਲਾ ਹੈ। ਬੀਤੇ ਸਾਲ 29 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਸੀ। ਮੰਗਲਵਾਰ ਸਵੇਰੇ ਉਰੂਜ ਦੇ ਪਰਵਾਰਕ ਮੈਂਬਰਾਂ ਨੇ ਉਸ ਨੂੰ ਵਾਰ-ਵਾਰ ਫੋਨ ਕੀਤਾ, ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਵਿਗਿਆਨ ਨਗਰ ਦੇ ਪੁਲਸ ਅਧਿਕਾਰੀਆਂ ਅਨੁਸਾਰ ਵਿਦਿਆਰਥੀ ਨੇ ਪੜ੍ਹਾਈ ’ਚ ਔਸਤ ਅੰਕ ਹੀ ਪ੍ਰਾਪਤ ਕੀਤੇ ਸਨ। ਫਿਲਹਾਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਨਾਬਾਲਗਾਂ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਰੋਕ
ਟਲਹੱਸੀ : ਫਲੋਰੀਡਾ ’ਚ ਪਾਸ ਕੀਤੇ ਬਿੱਲ ਦੇ ਤਹਿਤ ਨਾਬਾਲਗਾਂ ਲਈ ਸੋਸ਼ਲ ਮੀਡੀਆ ਉੱਤੇ ਪਾਬੰਦੀ ਹੋਵੇਗੀ। ਬਿੱਲ ਉੱਤੇ ਗਵਰਨਰ ਰੌਨ ਡੀਸੈਂਟਿਸ ਨੇ ਦਸਤਖਤ ਕਰ ਦਿੱਤੇ ਹਨ। ਜੇ ਬਿੱਲ ਕਾਨੂੰਨੀ ਚੁਣੌਤੀਆਂ ’ਚ ਨਾ ਉਲਝਿਆ ਤਾਂ ਇਹ ਅਮਰੀਕਾ ’ਚ ਸੋਸ਼ਲ ਮੀਡੀਆ ’ਤੇ ਸਭ ਤੋਂ ਵੱਡੀ ਪਾਬੰਦੀ ਹੋਵੇਗੀ। ਇਸ ਬਿੱਲ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਪਾਬੰਦੀ ਲਗਾਈ ਜਾਵੇਗੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਮਾਪਿਆਂ ਦੀ ਇਜਾਜ਼ਤ ਦੀ ਲੋੜ ਹੋਵੇਗੀ।