ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਦੀਆਂ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਕੌਮੀ ਮਹੱਤਤਾ ਵਾਲੀਆਂ ਹੁੰਦੀਆਂ ਹਨ। ਇੱਥੇ ਆਮ ਤੌਰ ’ਤੇ ਖੱਬੀ-ਜਮਹੂਰੀ ਸੋਚ ਵਾਲੇ ਵਿਦਿਆਰਥੀ ਹੀ ਅਹੁਦੇਦਾਰ ਚੁਣੇ ਜਾਂਦੇ ਹਨ। ਮੋਦੀ ਰਾਜ ਦੌਰਾਨ ਕਈ ਯੂਨੀਵਰਸਿਟੀਆਂ ਵਿਚ ਖੱਬੀਆਂ-ਜਮਹੂਰੀ ਪਾਰਟੀਆਂ ਨਾਲ ਸੰਬੰਧਤ ਵਿਦਿਆਰਥੀ ਯੂਨੀਅਨਾਂ ਨੂੰ ਖਦੇੜਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਆ ਰਹੀਆਂ ਹਨ। ਵਾਈਸ ਚਾਂਸਲਰ ਵੀ ਆਰ ਐੱਸ ਐੱਸ ਦੀ ਸੋਚ ਨੂੰ ਪ੍ਰਣਾਈ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਦੀਆਂ ਜੜ੍ਹਾਂ ਯੂਨੀਵਰਸਿਟੀਆਂ ਵਿਚ ਲਾਉਣ ’ਚ ਪੂਰਾ ਜ਼ੋਰ ਲਾਉਂਦੇ ਆ ਰਹੇ ਹਨ। ਏ ਬੀ ਵੀ ਪੀ ਨੇ ਜੇ ਐੱਨ ਯੂ ਵਿਚ ਸਟੂਡੈਂਟਸ ਯੂਨੀਅਨ ’ਤੇ ਕਬਜ਼ਾ ਕਰਨ ਦਾ ਪੂਰਾ ਟਿੱਲ ਲਾਇਆ, ਪਰ ਖੱਬੀ-ਜਮਹੂਰੀ ਸੋਚ ਵਾਲੀਆਂ ਜਥੇਬੰਦੀਆਂ ਨੇ ਉਸ ਨੂੰ ਪਛਾੜਦਿਆਂ ਆਪਣਾ ਦਬਦਬਾ ਕਾਇਮ ਰੱਖਿਆ ਹੈ। ਐਤਕੀਂ ਦੀਆਂ ਚੋਣਾਂ ਏ ਆਈ ਐੱਸ ਏ, ਏ ਆਈ ਐੱਸ ਐੱਫ, ਐੱਸ ਐੱਫ ਆਈ ਤੇ ਡੀ ਐੱਸ ਐੱਫ ਨੇ ਖੱਬਾ ਬਲਾਕ ਬਣਾ ਕੇ ਲੜੀਆਂ। 2019 ਵਿਚ ਕੋਰੋਨਾ ਦੇ ਹਮਲੇ ਤੋਂ ਬਾਅਦ ਪਹਿਲੀ ਵਾਰ ਚੋਣਾਂ ਹੋਈਆਂ। ਸੀ ਪੀ ਆਈ (ਐੱਮ ਐੱਲ) ਦੀ ਜਥੇਬੰਦੀ ਏ ਆਈ ਐੱਸ ਏ ਦਾ ਧੰਨਜਯ ਏ ਬੀ ਵੀ ਪੀ ਦੇ ਉਮੇਸ਼ ਅਜਮੀਰਾ ਨੂੰ 922 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਪ੍ਰਧਾਨ ਚੁਣਿਆ ਗਿਆ। ਐੱਸ ਐੱਫ ਆਈ ਦੇ ਅਵਿਜੀਤ ਘੋਸ਼ ਉਪ-ਪ੍ਰਧਾਨ, ਬਿਰਸਾ ਅੰਬੇਡਕਰ ਫੂਲੇ ਸਟੂਡੈਂਸ ਐਸੋਸੀਏਸ਼ਨ ਦੀ ਪਿ੍ਰਆਂਸ਼ੀ ਆਰੀਆ, ਜਿਸ ਨੂੰ ਖੱਬਿਆਂ ਦੀ ਹਮਾਇਤ ਹਾਸਲ ਸੀ, ਜਨਰਲ ਸਕੱਤਰ ਤੇ ਸੀ ਪੀ ਆਈ ਨਾਲ ਸੰਬੰਧਤ ਏ ਆਈ ਐੱਸ ਐੱਫ ਦੇ ਮੁਹੰਮਦ ਸਾਜਿਦ ਜਾਇੰਟ ਸਕੱਤਰ ਚੁਣੇ ਗਏ। ਡੀ ਐੱਸ ਐੱਫ ਦੀ ਸਵਾਤੀ ਸਿੰਘ ਦੇ ਨਾਮਜ਼ਦਗੀ ਕਾਗਜ਼ ਪੋਲਿੰਗ ਵਾਲੇ ਦਿਨ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਖੱਬੀਆਂ ਯੂਨੀਅਨਾਂ ਨੇ ਪਿ੍ਰਆਂਸ਼ੀ ਆਰੀਆ ਦੀ ਹਮਾਇਤ ਕੀਤੀ ਸੀ।
ਸਕੂਲ ਆਫ ਆਰਟਸ ਐਂਡ ਐਸਥੈਟਿਕਸ ਦਾ ਸਕਾਲਰ ਧੰਨਜਯ ਬਿਹਾਰ ਦੇ ਗਯਾ ਦੇ ਰਿਟਾਇਰਡ ਪੁਲਸ ਅਫਸਰ ਦਾ ਬੇਟਾ ਹੈ। ਉਹ ਰਾਂਚੀ ਵਿਚ ਆਰ ਐੱਸ ਐੱਸ ਦੇ ਲਿੰਕ ਵਾਲੇ ਸਰਸਵਤੀ ਸ਼ਿਸ਼ੂ ਵਿੱਦਿਆ ਮੰਦਰ ਵਿਚ ਪੜ੍ਹਿਆ। ਉੱਚ ਸਿੱਖਿਆ ਲਈ ਉਹ ਦਿੱਲੀ ਆਇਆ। ਇੱਥੇ ਉਹ ਪ੍ਰੋਗਰੈਸਿਵ ਥੀਏਟਰ ਗਰੁੱਪ ਸੰਗਵਾੜੀ ਨਾਲ ਜੁੜਿਆ। ਧੰਨਜਯ ਦਾ ਕਹਿਣਾ ਹੈਸਕੂਲ ਛੱਡਣ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਸਾਡੇ ਵਿਚ ਹਿੰਦੂਤਵ ਕਿਵੇਂ ਘੋਲਿਆ ਜਾ ਰਿਹਾ ਸੀ। ਘਰਾਂ ਵਿਚ ਲੱਗੀਆਂ ਰਾਮ ਤੇ ਹਨੂੰਮਾਨ ਦੀਆਂ ਤਸਵੀਰਾਂ ਵਿਚ ਉਨ੍ਹਾਂ ਦੇ ਚਿਹਰੇ ਸ਼ਾਂਤ ਨਜ਼ਰ ਆਉਦੇ ਹਨ। ਸਕੂਲ ਵਿਚ ਰਾਮ ਦਾ ਅਕਸ ਸ੍ਰੀਲੰਕਾ ਫਤਹਿ ਕਰਨ ਲਈ ਸਮੁੰਦਰ ਵਿੱਚੋਂ ਲੰਘਦਿਆਂ ਗੁਸੈਲਾ ਨਜ਼ਰ ਆਉਦਾ ਸੀ। ਉਦੋਂ ਮੈਨੂੰ ਸਿਆਸਤ ਦੀ ਬਹੁਤੀ ਸਮਝ ਨਹੀਂ ਸੀ। ਸੋਝੀ ਆਉਣ ਤੋਂ ਬਾਅਦ ਮੈਂ ਘਰਦਿਆਂ ਦੀ ਇੱਛਾ ਦੇ ਬਾਵਜੂਦ ਆਪਣੇ ਨਾਂਅ ਨਾਲੋਂ ਗੋਤ ਹਟਾ ਦਿੱਤਾ।
ਜੇ ਐੱਨ ਯੂ ਦੀ ਸਟੂਡੈਂਟਸ ਯੂਨੀਅਨ ਵਿਚ ਦਲਿਤ ਅਹੁਦੇਦਾਰ ਤਾਂ ਬਣਦੇ ਰਹੇ ਹਨ, ਪਰ ਐੱਸ ਐੱਫ ਆਈ ਦੇ ਬੱਟੀ ਲਾਲ ਬੈਰਵਾ ਦੇ 1996 ਤੇ 1998 ਵਿਚ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਕੋਈ ਦਲਿਤ ਪ੍ਰਧਾਨ ਬਣਿਆ ਹੈ।