ਚੰਡੀਗੜ੍ਹ, (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਾਇਆ ਕਿ ਭਾਜਪਾ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਵਿਰੋਧੀ ਪਾਰਟੀਆਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਭਾਜਪਾ ‘ਆਪ’ ਦੇ ਵਿਧਾਇਕਾਂ ਅਤੇ ਆਗੂਆਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਦੇਸ਼ੀ ਨੰਬਰਾਂ ਤੋਂ ਕਾਲ ਕਰਵਾ ਕੇ ਡਰਾ ਰਹੀ ਹੈ ਅਤੇ ਲਾਲਚ ਦੇ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।
‘ਆਪ’ ਦੇ ਤਿੰਨ ਵਿਧਾਇਕਾਂ ਜਗਦੀਪ ਸਿੰਘ ਗੋਲਡੀ ਕੰਬੋਜ (ਜਲਾਲਾਬਾਦ), ਅਮਨਦੀਪ ਸਿੰਘ ਮੁਸਾਫਿਰ (ਬੱਲੂਆਣਾ) ਅਤੇ ਰਜਿੰਦਰ ਪਾਲ ਕੌਰ ਛੀਨਾ (ਲੁਧਿਆਣਾ ਦੱਖਣੀ) ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨਾਲ ਭਾਜਪਾ ਨੇ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੈਸੇ ਦੀ ਪੇਸ਼ਕਸ਼ ਕੀਤੀ। ਤਿੰਨੋਂ ਵਿਧਾਇਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ‘ਆਪ’ ਅਤੇ ਅਰਵਿੰਦ ਕੇਜਰੀਵਾਲ ਦੇ ਸੱਚੇ ਸਿਪਾਹੀ ਹਨ ਅਤੇ ਪਾਰਟੀ ਨਹੀਂ ਛੱਡਣਗੇ।
ਵਿਧਾਇਕ ਜਗਦੀਪ ਕੰਬੋਜ ਨੇ ਕਿਹਾ ਕਿ ਕੱਲ੍ਹ ਲਗਭਗ 12:52 ’ਤੇ ਮੈਨੂੰ +35796718959 (ਸਾਈਪ੍ਰਸ) ਤੋਂ ਇੱਕ ਕਾਲ ਆਈ। ਕਾਲ ਕਰਨ ਵਾਲੇ ਨੇ ਕਿਹਾ ਕਿ ਉਸ ਦਾ ਨਾਂਅ ਸੇਵਕ ਸਿੰਘ ਹੈ ਅਤੇ ਉਹ ਵਿਧਾਇਕ ਨਾਲ ਗੱਲ ਕਰਨਾ ਚਾਹੁੰਦਾ ਹੈ। ਜਦੋਂ ਮੈਂ ਉਸ ਨੂੰ ਦੱਸਿਆ ਕਿ ਇਹ ਮੈਂ ਹਾਂ, ਤਾਂ ਉਸ ਨੇ ਪੁੱਛਿਆ ਕਿ ਮੈਨੂੰ ਗੱਲ ਕਰਨ ਵਿੱਚ ਕੋਈ ਸਮਸਿਆ ਤਾਂ ਨਹੀਂ? ਮੈਂ ਕਿਹਾ ਨਹੀਂ ਉਸ ਨੇ ਕਿਹਾ ਕਿ ਇੱਕ ਪੇਸ਼ਕਸ਼ ਹੈ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਭਾਜਪਾ ਵਿੱਚ ਸ਼ਾਮਲ ਹੋਵੋ। ਉਸ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਵਧੀਆ ਪੇਸ਼ਕਸ਼ ਹੈ, ਮੈਂ ਆਪਣੀ ਕੋਈ ਵੀ ਮੰਗ ਦੱਸ ਸਕਦਾ ਹਾਂ, ਮੈਂ ਉਸ ਨੂੰ ਕਿਹਾ ਕਿ ਮੇਰੀ ਕੋਈ ਮੰਗ ਨਹੀਂ। ਫਿਰ ਉਸ ਨੇ ਮੈਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ 20-25 ਕਰੋੜ ਦੀ ਪੇਸ਼ਕਸ਼ ਕੀਤੀ ਤੇ ਮੈਂ ਕਿਹਾ ਕਿ ਮੈਨੂੰ ਇਸ ਦੀ ਲੋੜ ਨਹੀਂ। ‘ਆਪ’ ਆਗੂ ਨੇ ਕਿਹਾਮੈਂ ਉਸ ਨੂੰ ਪੁੱਛਿਆ ਕਿ ਉਸ ਨੂੰ ਮੇਰਾ ਨੰਬਰ ਕਿਸ ਤੋਂ ਮਿਲਿਆ। ਫੇਰ ਮੈਂ ਉਸ ਨੂੰ ਕਿਹਾ ਕਿ ਮੈਨੂੰ ਕੋਈ ਦਿਲਚਸਪੀ ਨਹੀਂ ਅਤੇ ਨਾ ਹੀ ਮੈਨੂੰ ਤੁਹਾਡੀ ਕੋਈ ਲੋੜ ਹੈ, ਕਿਉਕਿ ਆਮ ਆਦਮੀ ਪਾਰਟੀ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਅਸੀਂ ਸੋਚ ਵੀ ਨਹੀਂ ਸਕਦੇ ਸੀ।
ਵਿਧਾਇਕ ਹਰਜਿੰਦਰ ਪਾਲ ਕੌਰ ਛੀਨਾ ਨੇ ਦੱਸਿਆ ਕਿ ਕੱਲ੍ਹ ਕਰੀਬ 11 ਵਜੇ ਮੈਨੂੰ ਇੱਕ ਫੋਨ ਆਇਆ ਕਿ ਮੈਂ ਸੇਵਕ ਸਿੰਘ ਹਾਂ। ਇਹ ਕਿਸੇ ਵਿਦੇਸ਼ੀ ਨੰਬਰ ਤੋਂ ਕਾਲ ਸੀ, ਉਸ ਨੇ ਕਿਹਾ ਕਿ ਉਹ ਦਿੱਲੀ ਤੋਂ ਬੋਲ ਰਿਹਾ ਹੈ। ਉਸ ਨੇ ਕਿਹਾ ਕਿ ਮੈਨੂੰ ਆਪਣੀ ਪਾਰਟੀ ਬਦਲ ਕੇ ਭਾਜਪਾ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ।
ਅਮਨਦੀਪ ਮੁਸਾਫਿਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਸ ਨੂੰ ਕੱਲ੍ਹ ਦੁਪਹਿਰ ਕਰੀਬ 12:30 ਵਜੇ ਫ਼ੋਨ ਆਇਆ। ਫ਼ੋਨ ਕਰਨ ਵਾਲਾ ਦਿੱਲੀ ਦਾ ਸੀ। ਉਸ ਨੇ ਕਿਹਾ ਕਿ ਮੈਨੂੰ ਭਾਜਪਾ ’ਚ ਸ਼ਾਮਲ ਹੋਣਾ ਚਾਹੀਦਾ ਹੈ। ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਤੁਹਾਨੂੰ 45 ਕਰੋੜ ਰੁਪਏ ਮਿਲਣਗੇ। ਮੈਨੂੰ ਉਸ ਨੇ ਸੁਰੱਖਿਆ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਜੋ ਵੀ ਪੋਸਟ ਚਾਹੁੰਦੇ ਹੋ, ਮਿਲੇਗੀ।