ਨਵੀਂ ਦਿੱਲੀ : ਮਹਾਰਾਸ਼ਟਰ ਦੇ ਦਹਿਸ਼ਤਗਰਦੀ ਵਿਰੋਧੀ ਦਸਤੇ ਦੇ ਮੁਖੀ ਸਦਾਨੰਦ ਵਸੰਤ ਦਾਤੇ ਨੂੰ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾ ਦਾ ਕਾਰਜਕਾਲ 31 ਦਸੰਬਰ 2026 ਨੂੰ ਉਨ੍ਹਾ ਦੀ ਸੇਵਾਮੁਕਤੀ ਤੱਕ ਰਹੇਗਾ। ਉਹ ਦਿਨਕਰ ਗੁਪਤਾ ਦੀ ਥਾਂ ਲੈਣਗੇ, ਜੋ 31 ਮਾਰਚ ਨੂੰ ਸੇਵਾਮੁਕਤ ਹੋਣ ਵਾਲੇ ਹਨ। ਰਾਜਸਥਾਨ ਕੇਡਰ ਦੇ 1990 ਬੈਚ ਦੇ ਅਧਿਕਾਰੀ ਰਾਜੀਵ ਕੁਮਾਰ ਸ਼ਰਮਾ ਨੂੰ ਬਿਊਰੋ ਆਫ ਪੁਲਸ ਰਿਸਰਚ ਐਂਡ ਡਿਵੈਲਪਮੈਂਟ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾ ਦਾ ਕਾਰਜਕਾਲ 30 ਜੂਨ 2026 ਨੂੰ ਉਨ੍ਹਾ ਦੇ ਸੇਵਾਮੁਕਤ ਹੋਣ ਤੱਕ ਰਹੇਗਾ। ਸ਼ਰਮਾ ਬਾਲਾਜੀ ਸ੍ਰੀਵਾਸਤਵ ਦੀ ਥਾਂ ਲੈਣਗੇ, ਜਿਨ੍ਹਾ ਦਾ ਕਾਰਜਕਾਲ ਮਾਰਚ ਦੇ ਅੰਤ ਵਿੱਚ ਪੂਰਾ ਹੋਵੇਗਾ।
ਪੀਯੂਸ਼ ਆਨੰਦ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਦੇ ਨਵੇਂ ਮੁਖੀ ਹੋਣਗੇ। ਇਸ ਸਮੇਂ ਉਹ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਸਪੈਸ਼ਲ ਡਾਇਰੈਕਟਰ ਜਨਰਲ ਹਨ। ਆਨੰਦ ਅਤੁਲ ਕਰਵਲ ਦੀ ਥਾਂ ਲੈਣਗੇ, ਜੋ 31 ਮਾਰਚ ਨੂੰ ਸੇਵਾਮੁਕਤ ਹੋ ਰਹੇ ਹਨ। ਕੇਰਲਾ ਕੇਡਰ ਦੇ 1995 ਬੈਚ ਦੇ ਅਧਿਕਾਰੀ ਐੱਸ ਸੁਰੇਸ਼ ਨੂੰ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ ਪੀ ਜੀ) ’ਚ ਐਡੀਸ਼ਨਲ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ।