ਅਮਲੋਹ, (ਲਖਵੀਰ ਸਿੰਘ/ ਹਰਚਰਨ ਉੱਪਲ) -ਪੁਲਸ ਚੌਕੀ ਬੁੱਗਾ ਕਲਾਂ ਵਿਚ ਬੁੱਧਵਾਰ ਜ਼ਮੀਨ ਦੇ ਝਗੜੇ ਨੂੰ ਲੈ ਕੇ ਭਰਾ ਨੇ ਆਪਣੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਦੋ ਭਰਾਵਾਂ ਦੀ ਜ਼ਮੀਨ ਦੇ ਝਗੜੇ ਨੂੰ ਲੈ ਕੇ ਰਿਸ਼ਤੇਦਾਰ ਇਕੱਠੇ ਹੋਏ ਸਨ। ਜਿਉ ਹੀ ਉਨ੍ਹਾਂ ਮਸਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਭਰਾਵਾਂ ਵਿਚ ਮੁੜ ਤਕਰਾਰ ਹੋ ਗਿਆ। ਕੁਲਦੀਪ ਸਿੰਘ (45) ਪੁੱਤਰ ਬੰਤ ਸਿੰਘ ਨੇ ਭਰਾ ਹਰਭਜਨ ਸਿੰਘ (42) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੌਕੇ ’ਤੇ ਮੌਜੂਦ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਮੋਟਰ ਦੇ ਕੋਠੇ ਦੀ ਆੜ ਲੈ ਕੇ ਆਪਣੀ ਜਾਨ ਬਚਾਈ। ਮਿ੍ਰਤਕ ਦਾ ਇਕਲੌਤਾ ਲੜਕਾ ਹੈ, ਜੋਂ ਅੱਠਵੀਂ ਕਲਾਸ ਵਿਚ ਪੜ੍ਹਦਾ ਹੈ। ਮਿ੍ਰਤਕ ਦੀ ਪਤਨੀ ਦੇ ਬਿਆਨਾਂ ’ਤੇ ਪੁਲਸ ਵੱਲੋਂ ਧਾਰਾ 302 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਅਸਲਾ ਲਾਇਸੰਸੀਆਂ ਨੂੰ 22 ਮਾਰਚ ਸ਼ਾਮ 5 ਵਜੇ ਤੱਕ ਆਪਣਾ ਅਸਲਾ ਜਮ੍ਹਾਂ ਕਰਵਾਉਣ ਦਾ ਆਦੇਸ਼ ਦਿੱਤਾ ਸੀ, ਪ੍ਰੰਤੂ ਹੁਣ ਤੱਕ ਅਸਲਾ ਜਮ੍ਹਾਂ ਨਾ ਹੋਣ ਕਾਰਨ ਪੁਲਸ ਦੀ ਕਾਰਗੁਜ਼ਾਰੀ ਉਪਰ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ।