ਗੁਹਾਟੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਆਸਾਮ ਦੇ ਸਿਆਸਤਦਾਨ ਬੈਂਜਾਮਿਨ ਬਾਸੂਮਤਰੇ ਦੀ 500 ਰੁਪਏ ਦੇ ਨੋਟਾਂ ਵਿਚ ਸੌਣ ਦੀ ਫੋਟੋ ਵਾਇਰਲ ਹੋਣ ਨੇ ਕੁਰੱਪਸ਼ਨ ਬਾਰੇ ਜ਼ਬਰਦਸਤ ਵਿਵਾਦ ਛੇੜ ਦਿੱਤਾ ਹੈ। ਭਾਜਪਾ ਦੀ ਇਤਿਹਾਦੀ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ ਦੇ ਪ੍ਰਧਾਨ ਪ੍ਰਮੋਦ ਬੋਰੋ ਨੇ ਕਿਹਾ ਹੈ ਕਿ ਬੈਂਜਾਮਿਨ ਉਨ੍ਹਾ ਦੀ ਪਾਰਟੀ ਵਿਚ ਨਹੀਂ, ਉਸ ਨੂੰ 10 ਜਨਵਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਵੀ ਸੀ ਡੀ ਸੀ ਦੀ ਚੇਅਰਮੈਨੀ ਤੋਂ ਹਟਾ ਦਿੱਤਾ ਗਿਆ ਸੀ। ਪਾਰਟੀ ਉਸ ਦੀ ਕਿਸੇ ਕਾਰਵਾਈ ਲਈ ਜ਼ਿੰਮੇਵਾਰ ਨਹੀਂ। ਬੈਂਜਾਮਿਨ ਦਾ ਕਹਿਣਾ ਹੈ ਕਿ ਇਹ ਫੋਟੋ ਉਸ ਦੇ ਦੋਸਤਾਂ ਨੇ ਪੰਜ ਸਾਲ ਪਹਿਲਾਂ ਇਕ ਪਾਰਟੀ ਵਿਚ ਲਈ ਸੀ। ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਇਹ ਫੋਟੋ ਸਾਂਝੀ ਕਰਦਿਆਂ ਕਿਹਾ ਕਿ ਨਾ ਈ ਡੀ, ਨਾ ਸੀ ਬੀ ਆਈ ਤੇ ਨਾ ਕੋਈ ਸੂਬਾਈ ਏਜੰਸੀ ਆਸਾਮ ਵਿਚ ਭਾਜਪਾ ਦੇ ਇਤਿਹਾਦੀ ਇਸ ਆਗੂ ਵਿਰੁੱਧ ਕਾਰਵਾਈ ਕਰੇਗੀ। ਜਿਨ੍ਹਾਂ ਨੇ ਟਾਪ ਕਲਾਸ ਦੇ ਸਕੂਲ ਤੇ ਹਸਪਤਾਲ ਬਣਾਏ, ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ਜਿਹੜੇ ਜਨਤਕ ਧਨ ਲੁੱਟ ਰਹੇ ਹਨ, ਉਹ ਸੱਤਾ ਮਾਣ ਰਹੇ ਹਨ, ਸ਼ਰਮ ਆਉਣੀ ਚਾਹੀਦੀ ਹੈ।