ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ’ਚ ਮਨਾਏ ਵਿਸ਼ਵ ਰੰਗ ਮੰਚ ਦਿਹਾੜੇ ਮੌਕੇ ਹੋਏ ਸਮਾਗਮ ’ਚ ਅਹਿਦ ਕੀਤਾ ਗਿਆ ਕਿ ਰੰਗ ਮੰਚ, ਕਲਮ, ਕਲਾ ਅਤੇ ਲੋਕਾਂ ਦੀ ਗਲਵੱਕੜੀ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਏਗਾ।
ਨੋਰਵੀਜੀਅਨ ਲੇਖਕ ਅਤੇ ਨਾਟਕਕਾਰ ਜੋਨਫੌਜ਼ ਵੱਲੋਂ ਵਿਸ਼ਵ ਰੰਗ ਮੰਚ ਦਿਹਾੜੇ ’ਤੇ ਜਾਰੀ ਕੌਮਾਂਤਰੀ ਸੁਨੇਹਾ ਸਾਂਝਾ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ, ਅੱਜ ਦੇ ਸੁਨੇਹੇ ਦਾ ਹੋਕਾ ਹੈ ਕਿ ਸਮਾਜ ਅੰਦਰਲੀਆਂ ਵਿਲੱਖਣਤਾਵਾਂ ਨੂੰ ਨਸ਼ਟ ਕਰਕੇ ਜਾਂ ਯੁੱਧ ਦੇ ਜ਼ੋਰ ਸ਼ਾਂਤੀ ਦਫ਼ਨ ਕਰਕੇ ਕੁੱਝ ਬਣਾਉਣ ਦਾ ਸੋਚਣਾ ਕਲਾ ਦੀ ਵੰਨ-ਸੁਵੰਨਤਾ ਅਤੇ ਸੁਹਜ ਦੇ ਅਨੁਕੂਲ ਨਹੀਂ। ਉਹਨਾਂ ਕਿਹਾ ਕਿ ਜੇ ਸਮਾਜ ਅੰਦਰ ਲੁੱਟ, ਅਨਿਆਂ ਰਹੇਗਾ ਤਾਂ ਰੰਗਮੰਚ ਵੀ ਨਾਬਰੀ ਅਤੇ ਸੰਗਰਾਮ ਦੀ ਬਾਤ ਪਾਉਂਦਾ ਰਹੇਗਾ। ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਵੱਲੋਂ ਧੰਨਵਾਦ ਦੇ ਸ਼ਬਦ ਕਹਿਣ ਅਤੇ ਵਿਸ਼ਵ ਰੰਗ ਮੰਚ ਦਿਹਾੜੇ ਦੀ ਮੁਬਾਰਕਵਾਦ ਦੇਣ ਉਪਰੰਤ ਕਮੇਟੀ ਦੇ ਸੀਨੀਅਰ ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ ਨੇ ਆਪਣੇ ਸੰਬੋਧਨ ’ਚ ਰੰਗ ਮੰਚ ਦੀ ਸਮਾਜ ਨੂੰ ਅਮੁੱਲੀ ਦੇਣ ਅਤੇ ਇਸ ਦੀ ਠੁੱਕਦਾਰ ਵਿਲੱਖਣ ਹੈਸੀਅਤ ਦੇ ਮਾਣ-ਸਨਮਾਨ ਭਰੀ ਰਵਾਨਗੀ ਦੀ ਪੁੱਗਤ ਬਾਰੇ ਗੱਲਾਂ ਕੀਤੀਆਂ। ਉਹਨਾਂ ਸਮਾਜਿਕ ਤਬਦੀਲੀ ਵਿੱਚ ਰੰਗ ਮੰਚ ਦੀ ਅਥਾਹ ਦੇਣ ਦਾ ਪ੍ਰਭਾਵਸ਼ਾਲੀ ਜ਼ਿਕਰ ਕਰਦਿਆਂ ਕਿਹਾ ਕਿ ਲੋਕ-ਸਰੋਕਾਰਾਂ ਅਤੇ ਲੋਕ-ਮਨੋਭਾਵਨਾਵਾਂ ਨਾਲ ਜੁੜੀ ਰੰਗ ਮੰਚ ਦੀ ਵਿਧਾ ਅਨੇਕਾਂ ਚੁਣੌਤੀਆਂ ਸਰ ਕਰਦੀ ਹੋਈ ਭਵਿੱਖ਼ ਵਿੱਚ ਹੋਰ ਵੀ ਮਾਣਮੱਤਾ ਸਥਾਨ ਹਾਸਲ ਕਰੇਗੀ।
ਵਿਸ਼ਵ ਰੰਗ ਮੰਚ ਦਿਹਾੜੇ ਮੌਕੇ ਬੀਤੇ ਦਿਨੀਂ ਵਿੱਛੜੇ ਰੰਗਕਰਮੀ ਵਿਕਰਮ ਠਾਕੁਰ ਅਤੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਦੇ ਬਾਨੀ ਅਮਰਜੀਤ ਪ੍ਰਦੇਸੀ ਦੀਆਂ ਤਸਵੀਰਾਂ ਨੂੰ ਫੁੱਲ ਭੇਟ ਕੀਤੇ। ਮੋਮਬੱਤੀਆਂ ਜਗਾਈਆਂ ਅਤੇ ਉਹਨਾਂ ਦੇ ਅਦਬ ’ਚ ਖੜ੍ਹੇ ਹੋਏ ਲੋਕਾਂ ਨੇ ਸੁਰਜੀਤ ਪਾਤਰ ਦੇ ਬੋਲਾਂ ਨੂੰ ਉਚਿਆਇਆ, ‘‘ਉੱਠ! ਜਗਾ ਦੇ ਮੋਮਬੱਤੀਆਂ!’’
ਇਸ ਮੌਕੇ ਵਿਕਰਮ ਦੀ ਭੈਣ ਡਾ. ਇੰਦੂ ਠਾਕੁਰ, ਭਣੋਈਆ ਡਾ. ਮਨਜੀਤ, ਜੀਵਨ ਸਾਥਣ ਕਵਿਤਾ ਠਾਕੁਰ ਅਤੇ ਬੱਚੇ ਵੀ ਮੌਜੂਦ ਸਨ। ਇਸ ਮੌਕੇ ਵਿਕਰਮ ਦੀ ਭੈਣ ਡਾ. ਇੰਦੂ ਠਾਕੁਰ ਨੇ ਭਾਵਪੂਰਤ ਸ਼ਬਦਾਂ ’ਚ ਸ਼ਰਧਾਂਜਲੀ ਭੇਟ ਕੀਤੀ।
ਸਮਾਗਮ ’ਚ ਪ੍ਰੋ. ਪਾਲੀ ਭੁਪਿੰਦਰ ਦੀ ਰਚਨਾ, ਅਸ਼ੋਕ ਕਲਿਆਣ, ਹਰਜੀਤ ਸਿੰਘ, ਵਿਕਾਸ ਦੀ ਨਿਰਦੇਸ਼ਨਾ ’ਚ ‘ਮੈਂ ਫਿਰ ਆਵਾਂਗਾ’ ਅਤੇ ਐਡਵੋਕੇਟ ਨੀਰਜ ਕੌਸ਼ਿਕ ਦੀ ਰਚਨਾ ਅਤੇ ਨਿਰਦੇਸ਼ਨਾ ’ਚ ‘ਏਕ ਅਨੇਕ’ ਨਾਟਕ ਖੇਡੇ ਗਏ। ਨਾਟਕਾਂ ਨੇ ਸੁਨੇਹਾ ਦਿੱਤਾ ਕਿ ਕਿਸੇ ਵਿਅਕਤੀ ਨੂੰ ਜਿਸਮਾਨੀ ਤੌਰ ’ਤੇ ਮਿਟਾ ਦੇਣ ਨਾਲ ਉਸ ਦੇ ਵਿਚਾਰਾਂ ਨੂੰ ਕਦਾਚਿਤ ਨਹੀਂ ਮਿਟਾਇਆ ਜਾ ਸਕਦਾ, ਉਨ੍ਹਾਂ ਦੇ ਵਿਚਾਰ ਘਾਹ ਵਾਂਗ ਫਿਰ ਉੱਗ ਪੈਂਦੇ ਹਨ।
ਨਛੱਤਰ ਮਾਲੜੀ ਅਤੇ ਨਵਜੋਤ ਮਾਲੜੀ ਦੁਆਰਾ ਤਿਆਰ ਟੀਮ ਦੇ ਬਾਲ ਕਲਾਕਾਰਾਂ ਮੀਨਾਕਸ਼ੀ ਅਤੇ ਰਾਮ �ਿਸ਼ਨ ਨੇ ‘ਫਾਂਸੀ’ ਕੋਰੀਓਗਰਾਫ਼ੀ ਪੇਸ਼ ਕੀਤੀ।
ਫਰੈਂਡਜ਼ ਥੀਏਟਰ, ਸਟਾਈਲ ਆਰਟਸ ਐਸੋਸੀਏਸ਼ਨ, ਬਾਲ ਕਲਾਕਾਰ ਮਾਲੜੀ ਵਾਲਿਆਂ ਦਾ ਕਮੇਟੀ ਵੱਲੋਂ ਕਿਤਾਬਾਂ ਦੇ ਸੈੱਟ ਨਾਲ ਸਨਮਾਨ ਕੀਤਾ ਗਿਆ।
ਕਮੇਟੀ ਮੈਂਬਰ ਪੋ੍ਰ. ਹਰਵਿੰਦਰ ਭੰਡਾਲ ਦੀ ਅਗਵਾਈ ’ਚ ਡਾਇਟ ਸ਼ੇਖੂਪੁਰਾ ਦੇ ਦਰਜਨਾਂ ਵਿਦਿਆਰਥੀਆਂ ਦੀ ਵਿਸ਼ਵ ਰੰਗ ਮੰਚ ਸਮਾਗਮ ’ਚ ਹਾਜ਼ਰੀ ਦੀ ਦਾਦ ਦਿੰਦੇ ਹੋਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਸਮਾਗਮ ’ਚ ਕਮੇਟੀ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ, ਹਰਵਿੰਦਰ ਭੰਡਾਲ, ਬਲਬੀਰ ਕੌਰ ਬੁੰਡਾਲਾ, ਵਿਜੈ ਬੰਬੇਲੀ, ਹਰਮੇਸ਼ ਮਾਲੜੀ, ਦੇਵਰਾਜ ਨਯੀਅਰ, ਡਾ. ਸੈਲੇਸ਼, ਡਾ. ਗੋਪਾਲ ਬੁੱਟਰ ਨੇ ਸ਼ਿਰਕਤ ਕੀਤੀ।
ਮੰਚ ਸੰਚਾਲਨ ਦੀ ਭੂਮਿਕਾ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅਦਾ ਕੀਤੀ।