ਹੈਦਰਾਬਾਦ : ਉੱਘੇ ਅਰਥ ਸ਼ਾਸਤਰੀ ਪਰਾਕਲਾ ਪ੍ਰਭਾਕਰ ਨੇ ਕਿਹਾ ਹੈ ਕਿ ਚੋਣ ਬਾਂਡ ਮੁੱਦਾ ਭਾਜਪਾ ਨੂੰ ਬਹੁਤ ਮਹਿੰਗਾ ਪਵੇਗਾ। ਪ੍ਰਭਾਕਰ, ਜਿਹੜੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਹਨ, ਨੇ ਕਿਹਾ ਹੈਚੋਣ ਬਾਂਡ ਮੁੱਦਾ ਹੁਣ ਨਾਲੋਂ ਕਿਤੇ ਵੱਧ ਰਫਤਾਰ ਫੜੇਗਾ। ਹਰ ਕੋਈ ਹੁਣ ਸਮਝ ਰਿਹਾ ਹੈ ਕਿ ਇਹ ਨਾ ਸਿਰਫ ਭਾਰਤ ਦਾ ਸਗੋਂ ਦੁਨੀਆ ਦਾ ਸਭ ਤੋਂ ਵੱਡਾ ਘੁਟਾਲਾ ਹੈ। ਇਸ ਮੁੱਦੇ ’ਤੇ ਲੋਕ ਇਸ ਸਰਕਾਰ ਨੂੰ ਸਖਤ ਸਜ਼ਾ ਦੇਣਗੇ।
ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲੱਬਧ ਅੰਕੜਿਆਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੇ ਚੋਣ ਬਾਂਡਾਂ ਨਾਲ ਸਭ ਤੋਂ ਵੱਧ ਕਮਾਈ ਕੀਤੀ ਹੈ। ਉਸ ਨੇ 12 ਅਪ੍ਰੈਲ 2019 ਤੋਂ 15 ਫਰਵਰੀ 2024 ਤੱਕ 6986.5 ਕਰੋੜ ਰੁਪਏ ਹਾਸਲ ਕੀਤੇ। ਦੂਜੇ ਨੰਬਰ ’ਤੇ ਪੱਛਮੀ ਬੰਗਾਲ ਦੀ ਹੁਕਮਰਾਨ ਤਿ੍ਰਣਮੂਲ ਕਾਂਗਰਸ ਨੇ 1397 ਕਰੋੜ, ਤੀਜੇ ਨੰਬਰ ’ਤੇ ਕਾਂਗਰਸ ਨੇ 1334 ਕਰੋੜ ਤੇ ਚੌਥੇ ਨੰਬਰ ’ਤੇ ਭਾਰਤ ਰਾਸ਼ਟਰ ਸਮਿਤੀ ਨੇ 1322 ਕਰੋੜ ਹਾਸਲ ਕੀਤੇ। ਸੁਪਰੀਮ ਕੋਰਟ ਨੇ ਫਰਵਰੀ ਵਿਚ ਚੋਣ ਬਾਂਡ ਸਕੀਮ ਰੱਦ ਕਰਕੇ ਸਿਆਸੀ ਪਾਰਟੀਆਂ ਨੂੰ ਮਿਲੇ ਪੈਸੇ ਜਨਤਕ ਕਰਨ ਦਾ ਹੁਕਮ ਦਿੱਤਾ ਸੀ। ਸਿਵਲ ਸੁਸਾਇਟੀ ਦੇ ਕਾਰਕੁਨਾਂ ਮੁਤਾਬਕ ਸੀ ਬੀ ਆਈ, ਈ ਡੀ ਤੇ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਦਾ ਸਾਹਮਣਾ ਕਰਨ ਵਾਲੀਆਂ 41 ਪਾਰਟੀਆਂ ਨੇ ਚੋਣ ਬਾਂਡਾਂ ਰਾਹੀਂ ਭਾਜਪਾ ਨੂੰ 2471 ਕਰੋੜ ਰੁਪਏ ਦਿੱਤੇ। ਇਨ੍ਹਾਂ ਵਿੱਚੋਂ 1698 ਕਰੋੜ ਰੁਪਏ ਇਨ੍ਹਾਂ ਏਜੰਸੀਆਂ ਦੇ ਛਾਪਿਆਂ ਤੋਂ ਬਾਅਦ ਦਿੱਤੇ।