ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਚੋਣ ਚੰਦਾ ਘੁਟਾਲਾ ਬੇਨਕਾਬ ਹੋ ਚੁੱਕਾ ਹੈ। ਈ ਡੀ ਤੇ ਸੀ ਬੀ ਆਈ ਦੇ ਡੰਡੇ ਨਾਲ ਉਗਰਾਹੇ ਕਰੋੜਾਂ ਰੁਪਿਆਂ ਨੂੰ ਚੰਦਾ ਨਹੀਂ ਜਬਰੀ ਵਸੂਲੀ ਕਹਿਣਾ ਠੀਕ ਰਹੇਗਾ। ਇਸ ਜਬਰੀ ਚੰਦਾ ਵਸੂਲੀ ਦਾ ਇੱਕ ਹੋਰ ਸੱਚ ਵੀ ਹੈ ਕਿ ਉਹ ਕਿਹੜੀਆਂ ਕੰਪਨੀਆਂ ਸਨ, ਜਿਨ੍ਹਾਂ ਨੇ ਵਿੱਤੋਂ ਬਾਹਰੀ ਮਦਦ ਕਰਕੇ ਭਾਜਪਾ ਨੂੰ ਮੁੜ ਸੱਤਾ ਹਾਸਲ ਕਰਨ ਵਿੱਚ ਮਦਦ ਕੀਤੀ ਸੀ।
ਇਹ ਸੱਚ ਅਧੂਰਾ ਹੈ ਕਿ ਇਨ੍ਹਾਂ ਕੰਪਨੀਆਂ ਤੋਂ ਡੰਡੇ ਦੇ ਜ਼ੋਰ ਜਾਂ ਲਾਲਚ ਦੇ ਕੇ ਚੰਦਾ ਵਸੂਲਿਆ ਗਿਆ। ਪੂਰਾ ਸੱਚ ਇਹ ਹੈ ਕਿ ਇਨ੍ਹਾਂ ਕੰਪਨੀਆਂ ਦੀ ਲੋੜ ਹੈ ਕਿ ਭਾਜਪਾ ਸੱਤਾ ਵਿੱਚ ਬਣੀ ਰਹੇ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਨਿਰਪੱਖ ਚੋਣਾਂ ਰਾਹੀਂ ਭਾਜਪਾ ਦੀ ਸੱਤਾ ਖੁਸ ਜਾਂਦੀ ਹੈ ਤਾਂ ਉਨ੍ਹਾਂ ਦਾ ਸਾਮਰਾਜਵਾਦ ਢਹਿ-ਢੇਰੀ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਜਦੋਂ ਇਹ ਕਹਿੰਦੇ ਹਨ ਕਿ ਉਨ੍ਹਾ ਦਾ ਮੁੱਖ ਮਕਸਦ ਭਾਰਤ ਨੂੰ ਦੁਨੀਆ ਦੀ ਤੀਜੀ ਵੱਡੀ ਤਾਕਤ ਬਣਾਉਣਾ ਹੈ ਤਾਂ ਉਸ ਪਿੱਛੇ ਛੁਪੀ ਹੋਈ ਹਕੀਕਤ ਨੂੰ ਸਮਝਣਾ ਪਵੇਗਾ। ਜਿਸ ਦੇਸ਼ ਦੇ ਅੱਸੀ ਕਰੋੜ ਨਾਗਰਿਕ ਮੁਫ਼ਤ ਦਾ ਅਨਾਜ ਖਾ ਕੇ ਜਿਊਂਦੇ ਰਹਿ ਰਹੇ ਹੋਣ, ਉਹ ਦੇਸ਼ ਨੂੰ ਆਰਥਿਕ ਤਾਕਤ ਨਹੀਂ ਬਣਾ ਸਕਦੇ। ਨਾ ਹੀ ਉਹ ਨੌਜਵਾਨ ਪੀੜ੍ਹੀ, ਜਿਸ ਨੇ ਨੌਕਰੀਆਂ ਦੀ ਭਾਲ ਵਿੱਚ ਆਪਣੀ ਜਵਾਨੀ ਖਰਚ ਕਰ ਦਿੱਤੀ ਹੈ, ਦੇਸ਼ ਨੂੰ ਤਾਕਤਵਰ ਬਣਾ ਸਕਦੀ ਹੈ। ਉਹ ਕਿਸਾਨ ਵੀ ਦੇਸ਼ ਨੂੰ ਸ਼ਕਤੀਸ਼ਾਲੀ ਨਹੀਂ ਬਣਾ ਸਕਦੇ, ਜਿਹੜੇ ਕਰਜ਼ੇ ਦੀ ਮਾਰ ਝਲਦੇ ਹੋਏ ਖੁਦਕੁਸ਼ੀਆਂ ਰਾਹੀਂ ਮੌਤ ਨੂੰ ਗਲੇ ਲਗਾ ਰਹੇ ਹਨ। ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸ ਦੇ ਸਹਾਰੇ ਦੇਸ਼ ਦੀ ਇਕਾਨਮੀ ਨੂੰ 50 ਖਰਬ ਡਾਲਰ ਦੀ ਬਣਾਉਣ ਦੇ ਸੁਫ਼ਨੇ ਵੇਖ ਰਹੇ ਹਨ।
ਇਹ ਉਹੋ ਕਾਰਪੋਰੇਟ ਹਨ, ਜਿਹੜੇ ਭਾਜਪਾ ਨੂੰ ਦਿਲ ਖੋਲ੍ਹ ਕੇ ਚੰਦਾ ਦੇ ਰਹੇ ਹਨ। ਇਨ੍ਹੀਂ ਦਿਨੀਂ ਰਾਹੁਲ ਗਾਂਧੀ ਇਨ੍ਹਾਂ ਕੰਪਨੀਆਂ ਨਾਲ ਹਾਕਮਾਂ ਦੇ ਗਠਜੋੜ ਉੱਤੇ ਹਮਲੇ ਕਰ ਰਹੇ ਹਨ। ਉਹ ਜਿੰਨੇ ਹਮਲੇ ਕਾਰਪੋਰੇਟਾਂ ਉੱਤੇ ਵੱਧ ਕਰਨਗੇ, ਧੰਨਾ ਸੇਠਾਂ ਦੇ ਰੁਪਏ ਓਨੇ ਵੱਧ ਸੱਤਾਧਾਰੀਆਂ ਨੂੰ ਮਿਲਦੇ ਰਹਿਣਗੇ। ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦਾ ਠੇਕਾ ਵੀ ਕਾਰਪੋਰੇਟਾਂ ਨੇ ਚੁੱਕ ਲੈਣਾ ਹੈ। ਇਸ ਨਾਲ ਭਾਜਪਾ ਦਾ ਕੰਮ ਸੌਖਾ ਹੋ ਜਾਵੇਗਾ।
‘ਭਾਰਤ ਜੋੜੋ ਨਿਆਏ ਯਾਤਰਾ’ ਦੀ ਸਮਾਪਤੀ ਉਤੇ ਮੁੰਬਈ ਵਿੱਚ ਹੋਈ ਲੱਖਾਂ ਲੋਕਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਤਾਂ ਇੱਕ ਮਖੌਟਾ ਹੈ, ਅਸਲ ਸ਼ਕਤੀ ਤਾਂ ਪੂੰਜੀਪਤੀਆਂ ਦੀ ਹੈ। ਇਸੇ ਸ਼ਕਤੀ ਦੇ ਖ਼ਿਲਾਫ਼ ਸਾਡੀ ਲੜਾਈ ਹੈ। ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਏਨਾ ਗੁੱਸਾ ਆਇਆ ਕਿ ਉਸ ਨੇ ਸ਼ਕਤੀ ਸ਼ਬਦ ਨੂੰ ਨਾਰੀ ਸ਼ਕਤੀ ਨਾਲ ਜੋੜ ਕੇ ਸਨਾਤਨ ਧਰਮ ਉੱਤੇ ਹਮਲਾ ਕਰਾਰ ਦੇ ਦਿੱਤਾ।
ਜਿਸ ਸ਼ਕਤੀ ਦਾ ਜ਼ਿਕਰ ਰਾਹੁਲ ਗਾਂਧੀ ਨੇ ਕੀਤਾ ਸੀ, ਉਸ ਬਾਰੇ ਇੱਕ ਕੌਮਾਂਤਰੀ ਸੰਸਥਾ ਵਰਲਡ ਇਕੁਇਲਟੀ ਲੈਬ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਦੇ ਇੱਕ ਫ਼ੀਸਦੀ ਅਮੀਰ ਲੋਕਾਂ ਦੀ ਆਮਦਨ ਵਿੱਚ ਹਿੱਸੇਦਾਰੀ ਵਧ ਕੇ 22.6 ਫ਼ੀਸਦੀ ਤੇ ਜਾਇਦਾਦ ਵਿੱਚ ਹਿੱਸੇਦਾਰੀ ਵਧ ਕੇ 40.1 ਫ਼ੀਸਦੀ ਹੋ ਗਈ ਹੈ। ਇਸ ਨੇ ਪਿਛਲੇ ਸੌ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ।
ਇਸ ਸਮੇਂ ਮੌਜੂਦਾ ਸਰਕਾਰ ਲੋਕਾਂ ਵਿੱਚ ਆਪਣਾ ਪ੍ਰਭਾਵ ਗੁਆ ਚੁੱਕੀ ਹੈ, ਪਰ ਇਸ ਦੇ ਬਾਵਜੂਦ ਭਾਜਪਾ ਨੂੰ ਸਿਰਫ਼ ਜਿੱਤ ਜਾਣ ਦਾ ਹੀ ਨਹੀਂ, ਪਹਿਲਾਂ ਨਾਲੋਂ ਵੀ ਵੱਡੀ ਜਿੱਤ ਦਾ ਭਰੋਸਾ ਹੈ। ਇਸ ਬਾਰੇ ਅੰਗਰੇਜ਼ੀ ਪੱਤਿ੍ਰਕਾ ‘ਦੀ ਫਰੰਟਲਾਈਨ’ ਵਿੱਚ ਇੱਕ ਅਮਰੀਕੀ ਖੋਜ ਸੰਸਥਾ ਦੀ ਰਿਪੋਰਟ ਛਪੀ ਹੈ। ਉਸ ਵਿੱਚ ਕਿਹਾ ਗਿਆ ਹੈ ਕਿ ਮੋਦੀ ਨੇ ਹੁਣ ਤੋਂ ਹੀ 2029 ਤੇ 2034 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਰੂਸ ਵਿੱਚ ਪੁਤਿਨ ਦੀ ਧਮਾਕੇਦਾਰ ਵਾਪਸੀ ਤੋਂ ਬਾਅਦ ਇਸ ਸਮੇਂ ਦੁਨੀਆ ਦੀਆਂ ਨਜ਼ਰਾਂ ਭਾਰਤ ਤੇ ਅਮਰੀਕਾ ਦੀਆਂ ਚੋਣਾਂ ਉੱਤੇ ਲੱਗੀਆਂ ਹੋਈਆਂ ਹਨ। ਅਮਰੀਕਾ ਦੇ ਨਾਗਰਿਕਾਂ ਦੀ ਵੱਡੀ ਅਬਾਦੀ ਤੇ ਯੂਰਪ ਦੇ ਕਈ ਦੇਸ਼ ਟਰੰਪ ਦੀ ਮੁੜ ਵਾਪਸੀ ਤੋਂ ਚਿੰਤਤ ਹਨ। ਟਰੰਪ ਨੇ ਤਾਂ ਚੋਣ ਮੁਹਿੰਮ ਦੌਰਾਨ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਉਹ ਹਾਰ ਗਏ ਤਾਂ ਅਮਰੀਕਾ ਵਿੱਚ ਖੂਨਖ਼ਰਾਬਾ ਹੋ ਜਾਵੇਗਾ। ਟਰੰਪ ਤੇ ਮੋਦੀ ਦੀ ਦੋਸਤੀ ਕਿਸੇ ਤੋਂ ਛੁਪੀ ਹੋਈ ਨਹੀਂ। ਜੇਕਰ ਅਮਰੀਕੀ ਨਾਗਰਿਕ ਟਰੰਪ ਦੀ ਵਾਪਸੀ ਦੇ ਸ਼ੱਕ ਤੋਂ ਡਰੇ ਹੋਏ ਹਨ, ਤਾਂ ਭਾਰਤੀਆਂ ਲਈ ਵੀ ਸੋਚਣ ਦੀ ਘੜੀ ਹੈ ਕਿ ਉਨ੍ਹਾਂ ਨੂੰ ਸ਼ਾਂਤੀ ਚਾਹੀਦੀ ਹੈ ਜਾਂ ਦੰਗੇ-ਫਸਾਦ।