ਨਵੀਂ ਦਿੱਲੀ : ਸੀ ਬੀ ਆਈ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਐੱਨ ਸੀ ਪੀ (ਅਜੀਤ ਪਵਾਰ ਗਰੁੱਪ) ਦੇ ਸੀਨੀਅਰ ਆਗੂ ਪ੍ਰਫੁਲ ਪਟੇਲ ਖਿਲਾਫ 2017 ਦਾ ਕੁਰੱਪਸ਼ਨ ਕੇਸ ਬੰਦ ਕਰ ਦਿੱਤਾ ਹੈ। ਉਸ ਦੀ ਪਾਰਟੀ ਭਾਜਪਾ ਤੇ ਸ਼ਿਵ ਸੈਨਾ (ਸ਼ਿੰਦੇ) ਨਾਲ ਮਿਲ ਕੇ ਮਹਾਰਾਸ਼ਟਰ ਵਿਚ ਸਰਕਾਰ ਚਲਾ ਰਹੀ ਹੈ। ਏਅਰ ਇੰਡੀਆ ਲਈ ਜਹਾਜ਼ ਲੈਣ ਵਿਚ ਬੇਨੇਮੀਆਂ ਦੇ ਦੋਸ਼ਾਂ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਹੁਕਮ ’ਤੇ ਸੀ ਬੀ ਆਈ ਨੇ ਪਟੇਲ ਖਿਲਾਫ ਕੇਸ ਦਰਜ ਕੀਤਾ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਕਈ ਅਧਿਕਾਰੀਆਂ ਦੀ ਜਾਂਚ ਹੋਈ ਸੀ। ਸੱਤ ਸਾਲਾਂ ਬਾਅਦ ਸੀ ਬੀ ਆਈ ਨੇ ਸਾਬਕਾ ਕੇਂਦਰੀ ਹਵਾਬਾਜ਼ੀ ਮੰਤਰੀ ਪਟੇਲ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ ਏਅਰ ਇੰਡੀਆ ਦੇ ਅਧਿਕਾਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਬੈਂਕ ਖਾਤੇ ਫ੍ਰੀਜ਼ ਹੋਣ ਨਾਲ ਕਾਂਗਰਸ ਨੂੰ ਪ੍ਰਚਾਰ ਕਰਨਾ ਔਖਾ ਹੋਵੇਗਾ : ਅਮਰੀਕਾ
ਵਾਸ਼ਿੰਗਟਨ : ਅਮਰੀਕਾ ਨੇ ਕਿਹਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਦੇ ਮੁੱਦੇ ’ਤੇ ਤਾਂ ਨਜ਼ਰ ਰੱਖ ਹੀ ਰਿਹਾ ਹੈ, ਉਹ ਕਾਂਗਰਸ ਦੇ ਬੈਂਕ ਖਾਤੇ ਫ੍ਰੀਜ਼ ਕਰਨ ਤੋਂ ਵੀ ਜਾਣੂੰ ਹੈ। ਭਾਰਤ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਸ ਦੀ ਸਾਰੇ ਮੁੱਦਿਆਂ ’ਤੇ ਬਰਾਬਰ ਨਜ਼ਰ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾਅਸੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਸਮੇਤ ਹੋਰਨਾਂ ਕਾਰਵਾਈਆਂ ’ਤੇ ਬਰੀਕ ਨਜ਼ਰ ਰੱਖਣੀ ਜਾਰੀ ਰੱਖਾਂਗੇ। ਅਸੀਂ ਕਾਂਗਰਸ ਦੇ ਫ੍ਰੀਜ਼ ਹੋ ਚੁੱਕੇ ਬੈਂਕ ਖਾਤਿਆਂ ਤੋਂ ਵੀ ਜਾਣੂੰ ਹਾਂ। ਖਾਤੇ ਫ੍ਰੀਜ਼ ਕਰਨ ਨਾਲ ਚੋਣਾਂ ਵਿਚ ਕਾਂਗਰਸ ਲਈ ਪ੍ਰਭਾਵੀ ਢੰਗ ਨਾਲ ਪ੍ਰਚਾਰ ਕਰਨਾ ਚੁਣੌਤੀਪੂਰਨ ਹੋ ਜਾਵੇਗਾ। ਅਸੀਂ ਇਸ ਤਰ੍ਹਾਂ ਦੇ ਹਰੇਕ ਮੁੱਦੇ ਲਈ ਨਿਰਪੱਖ, ਪਾਰਦਰਸ਼ੀ ਤੇ ਕਾਨੂੰਨੀ ਪ੍ਰਕਿਰਿਆਵਾਂ ਦੀ ਉਮੀਦ ਕਰਦੇ ਹਾਂ। ਅਸੀਂ ਸਰਵਜਨਕ ਤੌਰ ’ਤੇ ਪਹਿਲਾਂ ਵੀ ਜੋ ਕਿਹਾ ਹੈ, ਹੁਣ ਵੀ ਮੈਂ ਉਹੀ ਕਹਿ ਰਿਹਾ ਹਾਂ। ਸਾਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਇਸ ’ਤੇ ਇਤਰਾਜ਼ ਹੋਣਾ ਚਾਹੀਦਾ ਹੈ।