ਨਵੀਂ ਦਿੱਲੀ : ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਵੀਰਵਾਰ ਆਬਕਾਰੀ ਨੀਤੀ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਈ ਡੀ ਰਿਮਾਂਡ ਪਹਿਲੀ ਅਪਰੈਲ ਤੱਕ ਵਧਾ ਦਿੱਤਾ। ਈ ਡੀ ਨੇ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਨ੍ਹਾ ਤੋਂ ਹੋਰ ਪੁੱਛ-ਪੜਤਾਲ ਕਰਨ ਦੀ ਲੋੜ ਹੈ। ਇਸ ਤੋਂ ਪਹਿਲਾਂ ਅਦਾਲਤ ’ਚ ਜਾਣ ਵੇਲੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਨੂੰ ਸਿਆਸੀ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ ਤੇ ਲੋਕ ਇਸ ਦਾ ਜੁਆਬ ਦੇਣਗੇ। ਸੁਨੀਤਾ ਕੇਜਰੀਵਾਲ ਨੇ ਵੀਰਵਾਰ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾ ਨੂੰ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਦਾਲਤ ’ਚ ਕੇਜਰੀਵਾਲ ਦੀ ਪੇਸ਼ੀ ਮੌਕੇ ਹਾਜ਼ਰ ਸੁਨੀਤਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੇਜਰੀਵਾਲ ਦੇ ਸ਼ੂਗਰ ਲੈਵਲ ’ਚ ਉਤਰਾਅ-ਚੜ੍ਹਾਅ ਹੋ ਰਿਹਾ ਹੈ। ਉਨ੍ਹਾ ਨੂੰ ਕਾਫੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਅੱਤਿਆਚਾਰ ਜਾਰੀ ਨਹੀਂ ਰਹਿਣਗੇ, ਲੋਕ ਜਵਾਬ ਦੇਣਗੇ।