ਨਵੀਂ ਦਿੱਲੀ : ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਕੈਲਾਸ਼ ਗਹਿਲੋਤ ਤੋਂ ਸ਼ਨੀਵਾਰ ਈ ਡੀ ਨੇ ਪੁੱਛਗਿੱਛ ਕੀਤੀ। ਈ ਡੀ ਨੇ ‘ਆਪ’ ਸਰਕਾਰ ’ਚ ਮੰਤਰੀ ਕੈਲਾਸ਼ ਗਹਿਲੋਤ ਨੂੰ ਸੰਮਨ ਭੇਜਿਆ, ਜਿਸ ਤੋਂ ਬਾਅਦ ਗਹਿਲੋਤ ਈ ਡੀ ਸਾਹਮਣੇ ਪੇਸ਼ ਹੋ ਗਏ। ਗਹਿਲੋਤ ’ਤੇ ਆਬਕਾਰੀ ਨੀਤੀ ਦਾ ਡਰਾਫਟ ਤਿਆਰ ਕਰਨ ਦਾ ਦੋਸ਼ ਹੈ। ਜਿਕਰਯੋਗ ਹੈ ਕਿ ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਨਾਮਜ਼ਦ ਦੋਸ਼ੀਆਂ ’ਚ ਗਿ੍ਰਫ਼ਤਾਰ ਹੋਣ ਵਾਲੇ ਵਿਜੈ ਨਾਇਰ ਪਹਿਲੇ ਦੋਸ਼ੀ ਸਨ। ਗਹਿਲੋਤ ’ਤੇ ਦੋਸ਼ ਹੈ ਕਿ ਵਿਜੈ ਨਾਇਰ ਉਨ੍ਹਾ ਦੇ ਘਰ ਰੁਕਦੇ ਸਨ। ਉਧਰ ਆਮ ਆਦਮੀ ਪਾਰਟੀ ਨੇਤਾ ਦਲੀਪ ਕੁਮਾਰ ਪਾਂਡੇ ਨੇ ਈ ਡੀ ਦੇ ਸੰਮਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜੇਕਰ ਈ ਡੀ ਦਾ ਸੰਮਨ ਨਾ ਆਉਂਦਾ ਤਾਂ ਹੈਰਾਨੀ ਹੁੰਦੀ। ਉਨ੍ਹਾ ਕਿਹਾ ਕਿ ਹੁਣ ਪੂਰਾ ਦੇਸ਼ ਤਾਨਾਸ਼ਾਹੀ ਖਿਲਾਫ਼ ਇਕਜੁੱਟ ਹੋ ਰਿਹਾ ਹੈ। ਅਸੀਂ ਪੂਰੇ ਦੇਸ਼ ਤੋਂ ਭਾਜਪਾ ਦੀ ਗੁੰਡਾਗਰਦੀ ਅਤੇ ਅਰਵਿੰਦ ਕੇਜਰੀਵਾਲ ਦੀ ਗਿ੍ਰਫ਼ਤਾਰੀ ਖਿਲਾਫ਼ ਵਿਰੋਧ ਦਾ ਸੱਦਾ ਦਿੱਤਾ ਹੈ। ਆਤਿਸ਼ੀ ਨੇ ਈ ਡੀ ਦੇ ਸੰਮਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿਸੇ ਵੀ ਗਿ੍ਰਫ਼ਤਾਰੀ ਦਾ ਜਾਂਚ ਨਾਲ ਕੋਈ ਲੈਣਾ-ਦੇਣਾ ਨਹੀਂ। ਜੇਕਰ ਜਾਂਚ ਨਾਲ ਲੈਣਾ-ਦੇਣਾ ਹੁੰਦਾ ਤਾਂ ਭਾਜਪਾ ਦੀ ਵੀ ਜਾਂਚ ਹੋ ਰਹੀ ਹੁੰਦੀ। ਇਹ ਪੂਰੀ ਜਾਂਚ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਡੇਗਣ ਲਈ ਹੈ।