ਸ਼ਿਮਲਾ : ਭਾਜਪਾ ਦੇ ਇੱਕ ਸਾਬਕਾ ਸਾਂਸਦ ਦੇ ਪੁੱਤਰ ਸਮੇਤ ਕੁੱਲ ਅੱਠ ਬਾਗੀਆਂ ਨੇ ਮੀਟਿੰਗ ਕਰਕੇ ਕੰਗਨਾ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਨ੍ਹਾਂ ’ਚੋਂ ਤਿੰਨ ਭਾਜਪਾ ਦੇ ਬਾਗੀ ਨੇਤਾ ਹਨ, ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਪਾਰਟੀ ਖਿਲਾਫ਼ ਵਿਦਰੋਹ ਦਾ ਬਿਗਲ ਵਜਾਇਆ ਸੀ, ਜਿਸ ’ਚ ਪਾਰਟੀ ਦੀ ਹਾਰ ਹੋਈ ਸੀ। ਇਨ੍ਹਾਂ ਸਾਰੇ ਨੇਤਾਵਾਂ ਨੇ ਮੰਡੀ ਦੇ ਪੰਡੋਹ ’ਚ ਇੱਕ ਮੀਟਿੰਗ ਕੀਤੀ ਅਤੇ ਅਗਲੀ ਰਣਨੀਤੀ ਦੀ ਚਰਚਾ ਕੀਤੀ। ਮੀਟਿੰਗ ’ਚ ਸਾਬਕਾ ਭਾਜਪਾ ਸਾਂਸਦ ਮਹੇਸ਼ਵਰ ਸਿੰਘ ਦੇ ਪੁੱਤਰ ਹਿਤੇਸ਼ਵਰ ਸਿੰਘ, ਸਾਬਕਾ ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਰਾਮ ਸਿੰਘ ਅਤੇ ਆਨੀ ਦੇ ਸਾਬਕਾ ਵਿਧਾਇਕ ਕਿਸ਼ੋਰੀ ਲਾਲ ਸਾਗਰ ਸ਼ਾਮਲ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਟਿਕਟ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਤਿੰਨਾਂ ਨੇ ਭਾਜਪਾ ਖਿਲਾਫ਼ ਬਗਾਵਤ ਕਰ ਦਿੱਤੀ ਸੀ ਅਤੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜੀ ਸੀ। ਜ਼ਿਕਰਯੋਗ ਹੈ ਕਿ ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਨੂੰ ਉਮੀਦਵਾਰ ਬਣਾਇਆ ਹੈ। ਉਮੀਦਵਾਰ ਬਣਾਏ ਜਾਣ ਤੋਂ ਬਾਅਦ ਹੀ ਉਹ ਚਰਚਾ ’ਚ ਹੈ ਅਤੇ ਕਾਂਗਰਸ ਨੇਤਾਵਾਂ ਦੇ ਨਿਸ਼ਾਨੇ ’ਤੇ ਹੈ। ਉਨ੍ਹਾ ਸ਼ੁੱਕਰਵਾਰ ਮੰਡੀ ਸੰਸਦੀ ਖੇਤਰ ’ਚ ਰੋਡ ਸ਼ੋਅ ਨਾਲ ਆਪਣੇ ਚੋਣ ਪ੍ਰਚਾਰ ਦਾ ਅਭਿਆਨ ਸ਼ੁਰੂ ਕੀਤਾ ਸੀ।