ਨਵੀਂ ਦਿੱਲੀ : ਜੇਲ੍ਹ ’ਚ ਬੰਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਦਿੱਲੀ ਪਹੁੰਚੀ। ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਲਈ ਮੁੱਖ ਮੰਤਰੀ ਨਿਵਾਸ ਗਈ। ਉਨ੍ਹਾ ਦੇ ਨਾਲ ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਨੇਤਾ ਸੌਰਭ ਭਾਰਦਵਾਜ ਵੀ ਸਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਈ ਡੀ ਦੀ ਕਸਟਡੀ ’ਚ ਹਨ। ਉਨ੍ਹਾ ਨੂੰ ਕਥਿਤ ਸ਼ਰਾਬ ਘੁਟਾਲੇ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ। ਉਥੇ ਹੀ ਹੇਮੰਤ ਸੋਰੇਨ ਨੂੰ ਵੀ ਕਥਿਤ ਜ਼ਮੀਨ ਘੁਟਾਲੇ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ।
ਮੁਲਾਕਾਤ ਤੋਂ ਬਾਅਦ ਕਲਪਨਾ ਸੋਰੇਨ ਨੇ ਕਿਹਾ, ‘ਜੋ ਘਟਨਾ ਝਾਰਖੰਡ ’ਚ ਦੋ ਮਹੀਨੇ ਪਹਿਲਾਂ ਹੋਈ ਸੀ, ਉਸੇ ਤਰ੍ਹਾਂ ਦੀ ਘਟਨਾ ਦਿੱਲੀ ’ਚ ਵੀ ਹੋਈ ਹੈ। ਮੇਰੇ ਪਤੀ ਨੂੰ ਵੀ ਜੇਲ੍ਹ ਭੇਜਿਆ ਗਿਆ, ਉਥੇ ਹੀ ਅਰਵਿੰਦ ਨੂੰ ਵੀ ਜੇਲ੍ਹ ਭੇਜਿਆ ਗਿਆ। ਜੋ ਸਥਿਤੀ ਝਾਰਖੰਡ ’ਚ ਹੈ, ਉਹੀ ਹੁਣ ਇੱਥੇ ਹੋ ਗਈ ਹੈ। ਮੈਂ ਸੁਨੀਤਾ ਕੇਜਰੀਵਾਲ ਨੂੰ ਮਿਲਣ ਅਤੇ ਉਨ੍ਹਾ ਦਾ ਦੁੱਖ ਵੰਡਾਉਣ ਆਈ ਸੀ। ਉਨ੍ਹਾ ਨੇ ਵੀ ਆਪਣੀ ਸਥਿਤੀ ਦੱਸੀ। ਅਸੀਂ ਦੋਵਾਂ ਨੇ ਮਿਲ ਕੇ ਇਹੀ ਪ੍ਰਣ ਲਿਆ ਕਿ ਇਸ ਲੜਾਈ ਨੂੰ ਬਹੁਤ ਦੂਰ ਤੱਕ ਲੈ ਕੇ ਜਾਵਾਂਗੀਆਂ। ਪੂਰਾ ਝਾਰਖੰਡ ਅਰਵਿੰਦ ਕੇਜਰੀਵਾਲ ਦੇ ਨਾਲ ਹਮੇਸ਼ਾ ਰਹੇਗਾ।’
ਇਸੇ ਦੌਰਾਨ ਆਪ ਨੇਤਾ ਸੌਰਭ ਭਾਰਦਵਾਜ ਨੇ ਕਿਹਾ, ‘ਹੇਮੰਤ ਸੋਰੇਨ ਵਿਰੋਧੀ ਦਲ ਦੇ ਇੱਕ ਵੱਡੇ ਨੇਤਾ ਸਨ ਅਤੇ ਗੈਰ ਭਾਜਪਾ ਸੂਬੇ ’ਚ ਚੰਗੀ ਸਰਕਾਰ ਚਲਾ ਰਹੇ ਸਨ, ਜਿਸ ਤਰ੍ਹਾਂ ਉਨ੍ਹਾ ਨੂੰ ਜੇਲ੍ਹ ’ਚ ਸੁੱਟਿਆ ਗਿਆ, ਉਹ ਸਾਰਿਆਂ ਨੇ ਦੇਖਿਆ। ਅਰਵਿੰਦ ਕੇਜਰੀਵਾਲ ਨੂੰ ਜਿਸ ਤਰ੍ਹਾਂ ਜੇਲ੍ਹ ਦਿੱਤੀ, ਉਹ ਵੀ ਸਾਰਿਆਂ ਨੇ ਦੇਖਿਆ। ਅੱਜ ਕਲਪਨਾ ਸੋਰੇਨ ਸੁਨੀਤਾ ਕੇਜਰੀਵਾਲ ਨੂੰ ਮਿਲਣ ਆਈ ਸੀ, ਦੋਵਾਂ ਦੀ ਸਥਿਤੀ ਲੱਗਭੱਗ ਇੱਕੋ ਜੈਸੀ ਹੈ, ਕੇਂਦਰ ਸਰਕਾਰ ਨੇ ਇਨ੍ਹਾਂ ਦੋਵਾਂ ਦੇ ਪਤੀਆਂ ਨੂੰ ਜੇਲ੍ਹ ਦੇ ਅੰਦਰ ਰੱਖਿਆ ਹੈ। ਅੱਜ ਦੋਵਾਂ ਨੇ ਇੱਕ-ਦੂਜੇ ਨਾਲ ਗੱਲਬਾਤ ਕੀਤੀ ਅਤੇ ਇੱਕ-ਦੂਜੇ ਨੂੰ ਹੌਸਲਾ ਦਿੱਤਾ।