ਨਵੀਂ ਦਿੱਲੀ : ਕਾਂਗਰਸ ਨੇਤਾ ਪਵਨ ਖੇੜਾ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾ ਸਾਹਮਣੇ ਟੇਬਲ ’ਤੇ ਵਾਸ਼ਿੰਗ ਮਸ਼ੀਨ ਰੱਖੀ ਸੀ। ਇਸ ’ਤੇ ਭਾਜਪਾ ਵਾਸ਼ਿੰਗ ਮਸ਼ੀਨ ਲਿਖਿਆ ਹੋਈ ਸੀ। ਖੇੜਾ ਨੇ ਕਿਹਾਭਾਜਪਾ ਜਿਨ੍ਹਾਂ ਨੇਤਾਵਾਂ ’ਤੇ ਕਰੋੜਾਂ ਦੇ ਘੁਟਾਲਿਆਂ ਦਾ ਦੋਸ਼ ਲਾਉਂਦੀ ਹੈ, ਪਾਰਟੀ ’ਚ ਸ਼ਾਮਲ ਕਰਵਾਉਂਦੀ ਹੈ ਅਤੇ ਕੇਸ ਵਾਪਸ ਲੈ ਲੈਂਦੀ ਹੈ। ਉਨ੍ਹਾ ਕਿਹਾ ਕਿ ਭਾਜਪਾ ਕੋਲ ਇਸ ਤਰ੍ਹਾਂ ਦੀ ਵਾਸ਼ਿੰਗ ਮਸ਼ੀਨ ਹੈ, ਜਿਸ ’ਚ 10 ਸਾਲ ਪੁਰਾਣਾ ਕੇਸ ਵੀ ਪਾਓ ਤਾਂ ਦੋਸ਼ੀ ਬੇਦਾਗ ਨਿਕਲਦਾ ਹੈ। ਮਸ਼ੀਨ ਦੇ ਨਾਲ-ਨਾਲ ਇਹ ਕਮਾਲ ਮੋਦੀ ਵਾਸ਼ਿੰਗ ਪਾਊਡਰ ਦਾ ਵੀ ਹੈ। ਖੇੜਾ ਨੇ ਇੱਕ ਪੇਪਰ ਜਾਰੀ ਕਰਕੇ ਦੋਸ਼ ਵੀ ਲਾਇਆ ਕਿ ਵਿਰੋਧੀ ਦਲ ਦੇ ਨੇਤਾਵਾਂ ਨੂੰ ਡਰਾਉਣ ਅਤੇ ਧਮਕਾਉਣ ਲਈ ਸੀ ਬੀ ਆਈ, ਈ ਡੀ ਅਤੇ ਇਨਕਮ ਟੈਕਸ ਡਿਪਾਰਟਮੈਂਟ ਵਰਗੀਆਂ ਕੇਂਦਰੀ ਏਜੰਸੀਆ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਅਸੀਂ ਇਸ ਤਰ੍ਹਾਂ ਦੀ ਵਾਸ਼ਿੰਗ ਮਸ਼ੀਨ ਨਾ ਤੁਹਾਨੂੰ ਵੇਚ ਸਕਾਂਗੇ ਅਤੇ ਨਾ ਤੁਸੀਂ ਖਰੀਦ ਸਕੋਗੇ, ਕਿਉਂਕਿ 8552 ਕਰੋੜ ਦੀ ਮਸ਼ੀਨ ਕੇਵਲ ਇੱਕ ਹੀ ਆਦਮੀ ਰੱਖ ਸਕਦਾ ਹੈ, ਉਸ ਦਾ ਨਾਂਅ ਹੈ ਨਰੇਂਦਰ ਮੋਦੀ। ਉਹਨਾ ਆਪੋਜ਼ੀਸ਼ਨ ਆਗੂਆਂ ਦੇ 51 ਕੇਸ ਗਿਣਾਏ, ਜਿਸ ’ਤੇ ਕਾਰਵਾਈ ਹੋ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾ 20 ਕੇਸ ਇਸ ਤਰ੍ਹਾਂ ਦੇ ਦੱਸੇ, ਜਿਸ ’ਚ ਸੱਤਾ ਪੱਖ ਅਤੇ ਉਨ੍ਹਾਂ ਦੇ ਕਰੀਬੀ ਪਾਰਟੀਆਂ ਦੇ ਨੇਤਾਵਾਂ ’ਤੇ ਕੇਸ ਦਰਜ ਹਨ, ਪਰ ਉਨ੍ਹਾ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਜਿਨ੍ਹਾਂ ਨੇਤਾਵਾਂ ਬਾਰੇ ਉਹਨਾ ਕਿਹਾ, ਉਨ੍ਹਾਂ ’ਚ ਮੁਕੁਲ ਰਾਏ, ਸੁਵੇਂਦਰ ਅਧਿਕਾਰੀ, ਮਿਥੁਨ ਚਕਰਵਰਤੀ, ਸੋਵਨ ਚੈਟਰਜੀ, ਵਾਈ ਐੱਸ ਚੌਧਰੀ, ਜਗਨ ਰੈਡੀ ਦਾ ਨਾਂਅ ਵੀ ਸ਼ਾਮਲ ਹੈ। ਖੇੜਾ ਨੇ ਕਿਹਾ ਕਿ ਐੱਨ ਸੀ ਪੀ ਨੇਤਾ ਪ੍ਰਫੁੱਲ ਪਟੇਲ ਇਸ ਦੀ ਜਿਊਂਦੀ-ਜਾਗਦੀ ਉਦਾਹਰਨ ਹੈ। ਭਾਜਪਾ ਨੇ ਉਨ੍ਹਾ ’ਤੇ ਅਰਬਾਂ ਰੁਪਏ ਦੇ ਘੁਟਾਲੇ ਦਾ ਦੋਸ਼ ਲਾਇਆ। ਜਦ ਉਹ ਐੱਨ ਸੀ ਪੀ ਨੂੰ ਤੋੜ ਕੇ ਭਾਜਪਾ ਨਾਲ ਗਏ ਤਾਂ ਉਨ੍ਹਾ ਦੇ ਸਾਰੇ ਦਾਗ ਸਾਫ਼ ਹੋ ਗਏ।
ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਦੀ ਵੀ ਕੁਝ ਇਹੀ ਕਹਾਣੀ ਹੈ। ਬਿਸਵਾ ਗੁਹਾਟੀ ’ਚ ਜਨਪੂਰਤੀ ਘੁਟਾਲੇ ’ਚ ਦੋਸ਼ੀ ਸੀ। ਭਾਜਪਾ ਨੇ ਪਹਿਲਾ ਉਨ੍ਹਾ ਖਿਲਾਫ਼ ਇੱਕ ਸਫੇਦ ਪੱਤਰ ਕੱਢਿਆ ਸੀ। ਨਰਾਇਣ ਰਾਣੇ ਖਿਲਾਫ਼ ਸੀ ਬੀ ਆਈ, ਈ ਡੀ ਨੇ ਕਈ ਮਾਮਲੇ ਦਰਜ ਕੀਤੇ। ਭਾਜਪਾ ਨੇਤਾ ਕਿਰੀਟ ਸੋਮੈਯਾ ਨੇ ਉਨ੍ਹਾ ਖਿਲਾਫ਼ ਭਿ੍ਰਸ਼ਟਾਚਾਰ ਦੇ ਦੋਸ਼ ਲਾਏ ਸਨ। ਅਜੀਤ ਪਵਾਰ ’ਤੇ ਮੋਦੀ ਨੇ 70,000 ਕਰੋੜ ਦੇ ਘੁਟਾਲੇ ਦਾ ਦੋਸ਼ ਲਾਇਆ। ਈ ਡੀ ਨੇ ਸਤਾਰਾ ਦੇ ਜਰਾਂਦੇਸ਼ਵਰ ਚੀਨੀ ਮਿੱਲ ਦੀ 2010 ’ਚ ਧੋਖੇ ਨਾਲ ਹੋਈ ਵਿਕਰੀ ’ਚ ਚਾਰਜਸ਼ੀਟ ਦਾਖ਼ਲ ਕੀਤੀ। ਇਸ ਤਰ੍ਹਾਂ ਕਈ ਮਾਮਲੇ ਹਨ।
ਉਹਨਾ ਕਿਹਾ ਕਿ ਪ੍ਰਫੁੱਲ ਪਟੇਲ ਖਿਲਾਫ਼ ਸੀ ਬੀ ਆਈ ਨੇ ਮਾਮਲਾ ਬੰਦ ਕਰ ਦਿੱਤਾ ਹੈ। ਉਹ ਕੁਝ ਮਹੀਨੇ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋਏ ਸਨ। ਪ੍ਰਫੁੱਲ ਵਾਸ਼ਿੰਗ ਮਸ਼ੀਲ ’ਚ ਗਏ ਅਤੇ ਸਾਫ਼ ਹੋ ਕੇ ਨਿਕਲੇ। ਇਹ ਸਿਰਫ਼ ਇੱਕ ਨਾਂਅ ਨਹੀਂ, ਬਲਕਿ ਇਸ ਤਰ੍ਹਾਂ ਦੇ ਕਈ ਨਾਂਅ ਹਨ।
ਮੋਦੀ ਸਰਕਾਰ ਨੇ ਈ ਡੀ, ਆਈ ਟੀ, ਸੀ ਬੀ ਆਈ ਵਰਗੀਆਂ ਸੰਸਥਾਵਾਂ ਦਾ ਇਸਤੇਮਾਲ ਆਪਣੇ ਰਾਜਨੀਤਕ ਵਿਸਥਾਰ ਲਈ ਹਥਿਆਰ ਦੇ ਰੂਪ ’ਚ ਕੀਤਾ ਹੈ। ਚਾਹੇ ਉਹ ਫਰਮਾਂ ਤੋਂ ਇਲੈਕਟ੍ਰੋਲ ਬਾਂਡ ਦੀ ਵਸੂਲੀ ਲਈ ਈ ਡੀ ਦਾ ਗਲਤ ਇਸਤੇਮਾਲ ਹੋਵੇ ਜਾਂ 30 ਸਾਲ ਪੁਰਾਣੇ ਨੋਟਿਸ ਜਰੀਏ ਪ੍ਰਮੁੱਖ ਵਿਰੋਧੀ ਦਲਾਂ ਨੂੰ ਪ੍ਰੇਸ਼ਾਨ ਕਰਨ ਲਈ ਆਮਦਨ ਕਰ ਵਿਭਾਗ ਦਾ ਇਸਤੇਮਾਲ ਹੋਵੇ, ਭਾਜਪਾ ਇਹਨਾਂ ਸੰਸਥਾਵਾਂ ਨੂੰ ਕਮਜ਼ੋਰ ਕਰਨ ’ਚ ਅਪਰਾਧੀ ਬਣ ਗਈ ਹੈ।