ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਸੋਮਵਾਰ ਕਿਹਾ ਕਿ ਚਾਲੂ ਵਿੱਤੀ ਸਾਲ 2024-25 ਵਿਚ ਲੋਕਾਂ ਲਈ ਨਵੀਂ ਆਮਦਨ ਕਰ ਪ੍ਰਣਾਲੀ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਵਿਅਕਤੀਗਤ ਟੈਕਸਦਾਤਾ ਆਪਣੀ ਆਈ ਟੀ ਆਰ ਫਾਈਲ ਕਰਦੇ ਸਮੇਂ ਇਸ ਵਿਵਸਥਾ ਤੋਂ ਬਾਹਰ ਹੋ ਸਕਦੇ ਹਨ। ਮੰਤਰਾਲੇ ਨੇ ਇਹ ਸਪੱਸ਼ਟੀਕਰਨ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਗਈ ਜਾਣਕਾਰੀ ਤੋਂ ਬਾਅਦ ਦਿੱਤਾ ਹੈ, ਜਿਸ ਵਿਚ 1 ਅਪਰੈਲ ਤੋਂ ਲਾਗੂ ਨਵੀਂ ਟੈਕਸ ਪ੍ਰਣਾਲੀ ਵਿਚ ਕੁਝ ਬਦਲਾਅ ਹੋਣ ਦਾ ਦਾਅਵਾ ਕੀਤਾ ਗਿਆ ਸੀ। ਮੰਤਰਾਲੇ ਨੇ ਕਿਹਾ-1 ਅਪਰੈਲ 2024 ਤੋਂ ਕੋਈ ਨਵਾਂ ਬਦਲਾਅ ਨਹੀਂ ਕੀਤਾ ਗਿਆ ਹੈ। 1 ਅਪਰੈਲ 2023 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ’ਚ ਲੋਕਾਂ ਲਈ ਸੋਧੀ ਨਵੀਂ ਇਨਕਮ ਟੈਕਸ ਪ੍ਰਣਾਲੀ ਲਾਗੂ ਕੀਤੀ ਗਈ ਸੀ, ਜਿਸ ਤਹਿਤ ਟੈਕਸ ਦਰਾਂ ਕਾਫੀ ਘੱਟ ਹਨ। ਇਸ ’ਚ ਪੁਰਾਣੀ ਪ੍ਰਣਾਲੀ ਵਾਂਗ ਵੱਖ-ਵੱਖ ਛੋਟਾਂ ਅਤੇ ਕਟੌਤੀਆਂ (ਤਨਖਾਹ ਤੋਂ 50,000 ਰੁਪਏ ਅਤੇ ਪਰਵਾਰਕ ਪੈਨਸ਼ਨ ਤੋਂ 15,000 ਰੁਪਏ ਦੀ ਮਿਆਰੀ ਕਟੌਤੀ ਤੋਂ ਇਲਾਵਾ) ਦਾ ਲਾਭ ਨਹੀਂ ਹੈ।