ਭਿੱਖੀਵਿੰਡ : ਸਰਬ ਭਾਰਤ ਨੌਜਵਾਨ ਸਭਾ ਤੇ ਏ ਆਈ ਐੱਸ ਐੱਫ ਬਲਾਕ ਭਿੱਖੀਵਿੰਡ ਵੱਲੋਂ ਦੇਸ ਦੀ ਅਜੋਕੀ ਪ੍ਰਸਥਿਤੀ ਤੇ ਪਾਰਲੀਮੈਂਟ ਚੋਣਾਂ ਵਿੱਚ 18 ਸਾਲ ਦੀ ਉਮਰ ਤੋਂ ਹਰੇਕ ਨੌਜਵਾਨ ਨੂੰ ਰੁਜ਼ਗਾਰ ਦੇਣ ਵਾਲਾ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕਰਨ ਵਾਲੀ ਅਹਿਮ ਮੰਗ ਨੂੰ ਲੈ ਕੇ ਭਿੱਖੀਵਿੰਡ ਵਿਖੇ ਵਿਸ਼ੇਸ਼ ਕੈਂਪ ਅਯੋਜਿਤ ਕੀਤਾ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਨੇ ਕਿਹਾ ਜਿੰਨਾ ਚਿਰ ਤੱਕ ਜੁਆਨੀ ਨੂੰ ਰੁਜ਼ਗਾਰ ਨਹੀਂ ਮਿਲਦਾ, ਓਨਾ ਚਿਰ ਤੱਕ ਘਰਾਂ ਵਿੱਚ ਖੁਸ਼ਹਾਲੀ ਨਹੀਂ ਪਰਤ ਸਕਦੀ। ਉਨ੍ਹਾ ਕਿਹਾ ਕਿ ਹਰੇਕ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ, ਜੇ ਸਰਕਾਰ ਰੁਜ਼ਗਾਰ ਪੱਖੀ ਕਾਨੂੰਨ ਬਣਾਵੇ। ਦੇਸ਼ ਜਾਂ ਪੰਜਾਬ ਵਿੱਚ ਰੁਜ਼ਗਾਰ ਦੀ ਕੋਈ ਘਾਟ ਨਹੀਂ। ਸਿਰਫ ਲੋੜ ਇਸ ਗੱਲ ਦੀ ਹੈ ਕਿ ਮਨੁੱਖੀ ਸ਼ਕਤੀ ਦੀ ਯੋਜਨਾਬੰਦੀ ਬਣਾਈ ਜਾਵੇ। ਇਸ ਯੋਜਨਾ ਦੇ ਤਹਿਤ ਕਿਥੇ-ਕਿਥੇ ਕਿੰਨੇ-ਕਿੰਨੇ ਕਾਮਿਆਂ ਦੀ ਲੋੜ ਹੈ, ਉਥੇ ਜੁਆਨੀ ਨੂੰ ਕੰਮ ਦਿੱਤਾ ਜਾਵੇ। ਵਿਦਿਆ ਦੇ ਪੱਖ ਤੋਂ ਸਾਡੀ ਇਹ ਹਾਲਤ ਹੈ ਕਿ 100 ਵਿਦਿਆਰਥੀ ਨੂੰ ਇੱਕ ਅਧਿਆਪਕ ਪੜ੍ਹਾ ਨਹੀਂ ਰਿਹਾ, ਘੇਰ ਕੇ ਬੈਠਾ ਹੈ, ਜੇ ਇਹੋ ਹੀ 20 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਹੋਵੇ ਤਾਂ ਉਹ ਪੜ੍ਹਾਵੇ ਵੀ ਤੇ ਵਿਦਿਆਰਥੀ ਦੀ ਜ਼ਿੰਦਗੀ ਵੀ ਸੁਰਖਰੂ ਹੋਵੇ। ਚੀਨ ਦਾ ਸਟੈਂਡਰਡ ਤਾਂ ਅਧਿਆਪਕ-ਵਿਦਿਆਰਥੀ ਅਨੁਪਾਤ ਵਿੱਚ ਇਸ ਤੋਂ ਵੀ ਅੱਗੇ ਹੈ। ਪੜ੍ਹਾਈ ਨੂੰ ਬੇਹਤਰ ਤੇ ਹਰ ਵਿਦਿਆਰਥੀ ਲਈ ਮੁਫਤ ਤੇ ਲਾਜ਼ਮੀ ਬਣਾਉਣ ਵਾਸਤੇ 20 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਭਰਤੀ ਕਰਨ ਨਾਲ ਲੱਖਾਂ ਨਵੇਂ ਅਧਿਆਪਕ ਭਰਤੀ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਹੀ ਸਾਡੀਆਂ ਸਿਹਤ ਸੇਵਾਵਾਂ ਦੀ ਹਾਲਤ ਹੈ। ਹਸਪਤਾਲ ਡਾਕਟਰਾਂ, ਨਰਸਾਂ ਤੋਂ ਬਗੈਰ ਚੱਲ ਰਹੇ ਹਨ। ਅੱਜ ਤੋਂ 10 ਸਾਲ ਪਹਿਲਾਂ ਮੈਂ ਇੱਕ ਸਿਰਵੇਖਣ ਪੜ੍ਹਿਆ ਸੀ ਤੇ ਸਾਡੇ ਪੰਜਾਬ ਵਿੱਚ 60000 ਲੋਕਾਂ ਪਿੱਛੇ ਇੱਕ ਡਾਕਟਰ ਸੀ। ਇਸ ਪ੍ਰਸਥਿਤੀ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਕੀ ਮਿਲਣੀਆਂ ਹਨ। ਜੇ ਲੋਕਾਂ ਨੂੰ ਸਹੀ ਸਿਹਤ ਸੇਵਾਵਾਂ ਦੇਣੀਆਂ ਹੋਣ ਤਾਂ ਲੱਖਾਂ ਡਾਕਟਰ ਭਰਤੀ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਹੀ ਬਾਕੀ ਅਦਾਰਿਆਂ ਵਿੱਚ ਜਵਾਨੀ ਭਰਤੀ ਕੀਤੀ ਜਾ ਸਕਦੀ ਹੈ। ਕੈਂਪ ਨੂੰ ਨਰਿੰਦਰ ਸਿੰਘ ਅਲਗੋਂ, ਸੁਖਦੇਵ ਸਿੰਘ ਕਾਲਾ, ਲਵਪ੍ਰੀਤ ਸਿੰਘ ਮਾੜੀਮੇਘਾ, ਜਸਪਾਲ ਸਿੰਘ ਕਲਸੀਆਂ, ਬਲਕਾਰ ਸਿੰਘ ਵਲਟੋਹਾ, ਦਵਿੰਦਰ ਸੋਹਲ ਤੇ ਗੁਰਪ੍ਰਤਾਪ ਸਿੰਘ ਵਲਟੋਹਾ ਨੇ ਵੀ ਸੰਬੋਧਨ ਕੀਤਾ।